ਲੁਧਿਆਣਾ – ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸਥਾਨਕ ਐਡੀਸ਼ਨਲ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਦੋਸ਼ੀ ਸੁਖਦੇਵ ਸਿੰਘ ਉਰਫ਼ ਸੋਨੂ ਵਾਸੀ ਭਾਈ ਹਿੰਮਤ ਸਿੰਘ ਨਗਰ, ਲੁਧਿਆਣਾ ਨੂੰ 20 ਸਾਲ ਦੀ ਕੈਦ ਅਤੇ 1,20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਮੁਜ਼ਰਿਮ ਖਿਲਾਫ ਥਾਣਾ ਦੁੱਗਰੀ ਵੱਲੋਂ 16 ਦਸੰਬਰ 2022 ਨੂੰ ਮਾਸੂਮ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਪੋਕਸੋ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਮੁਤਾਬਕ ਉਹ ਲੋਕਾਂ ਦੇ ਘਰਾਂ ’ਚ ਸਫਾਈ ਦਾ ਕੰਮ ਕਰਦੀ ਹੈ। 15 ਦਸੰਬਰ 2022 ਨੂੰ ਜਦੋਂ ਉਹ ਘਰ ਪਰਤੀ ਤਾਂ ਉਸ ਦੀ ਸਭ ਤੋਂ ਛੋਟੀ 6 ਸਾਲ ਦੀ ਲੜਕੀ ਘਰੋਂ ਗਾਇਬ ਸੀ। ਪੁੱਛਣ ’ਤੇ ਉਸ ਦੀ ਵੱਡੀ ਲੜਕੀ ਨੇ ਦੱਸਿਆ ਕਿ ਉਹ ਖੇਡਣ ਗਈ ਸੀ ਪਰ ਵਾਪਸ ਨਹੀਂ ਆਈ ਪਰ ਰਾਤ 11:30 ਵਜੇ ਉਹ ਅਚਾਨਕ ਘਰ ਆ ਗਈ।
ਉਸ ਨੇ ਰੋਂਦੀ ਹੋਈ ਨੇ ਦੱਸਿਆ ਕਿ ਜਦੋਂ ਉਹ ਜੈਨ ਮੰਦਰ ਦੇ ਸਾਹਮਣੇ ਪਾਰਕ ’ਚ ਖੇਡ ਰਹੀ ਸੀ ਤਾਂ ਇਕ ਆਟੋ ਰਿਕਸ਼ਾ ਚਾਲਕ ਨੇ ਉਸ ਨੂੰ 10 ਰੁਪਏ ਦੇ ਕੇ ਬਿਠਾ ਲਿਆ ਤੇ ਸੁੰਨਸਾਨ ਜਗ੍ਹਾ ’ਤੇ ਲੈ ਗਿਆ, ਜਿਥੇ ਉਸ ਨਾਲ ਕੁਕਰਮ ਕੀਤਾ। ਪੁਲਸ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਕਤ ਦੋਸ਼ੀ ਨੇ ਹੀ ਨਾਬਾਲਗਾ ਨਾਲ ਜਬਰ-ਜ਼ਨਾਹ ਕੀਤਾ ਹੈ।