ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਹੈਦਰਾਬਾਦ ਵਿਖੇ ਹੋਣ ਵਾਲੇ ਸ਼ੋਅ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਿਲਜੀਤ ਦੋਸਾਂਝ ਦਾ ਦਿਲ-ਲੁਮਿਨਾਟੀ ਕੰਸਰਟ ਸ਼ੋਅ 15 ਨਵੰਬਰ ਯਾਨੀ ਕੱਲ੍ਹ ਨੂੰ ਹੈਦਰਾਬਾਦ ਵਿੱਚ ਹੋਣਾ ਹੈ।
ਦੱਸ ਦੇਈਏ ਕਿ ਸ਼ੋਅ ਤੋਂ ਪਹਿਲਾਂ ਹੀ ਦਿਲਜੀਤ ਦੋਸਾਂਝ ਨੂੰ ਤੇਲੰਗਾਨਾ ਸਰਕਾਰ ਅਤੇ ਬਾਲ ਵਿਕਾਸ ਵਿਭਾਗ ਨੇ ਗਾਇਕ ਦੇ ਹੈਦਰਾਬਾਦ ਸ਼ੋਅ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ। ਵਿਭਾਗ ਵਲੋਂ ਜਾਰੀ ਕੀਤੇ ਗਏ ਨੋਟਿਸ ਦੇ ਮੁਤਾਬਿਕ ਦਿਲਜੀਤ ਦੋਸਾਂਝ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਹੀਂ ਗਾਉਣਗੇ ਅਤੇ ਬੱਚਿਆਂ ਨੂੰ ਸਟੇਜ ‘ਤੇ ਨਹੀਂ ਬੁਲਾਉਣਗੇ ਕਿਉਂਕਿ ਇੱਥੇ ਬਹੁਤ ਉੱਚੀ ਆਵਾਜ਼ ਵਾਲਾ ਸਾਊਂਡ ਸਿਸਟਮ ਹੈ ਜੋ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਪਤਾ ਲੱਗਿਆ ਹੈ ਕਿ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਧਰਨਵਰ ਨੇ ਸ਼ੋਅ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਦਿਲਜੀਤ ਦੋਸਾਂਝ ਸ਼ੋਅ ਵਿੱਚ ਅਸ਼ਲੀਲ ਗੀਤ ਗਾਉਂਦੇ ਹਨ ਜੋ ਬੱਚਿਆਂ ਲਈ ਠੀਕ ਨਹੀਂ ਹਨ। ਜਿਸ ਤੋਂ ਬਾਅਦ ਗਾਇਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਕਿਉਂਕਿ ਦਿਲਜੀਤ ਦੇ ਕੰਸਰਟ ‘ਚ ਵੱਡੀ ਗਿਣਤੀ ‘ਚ ਬੱਚੇ ਆਉਂਦੇ ਹਨ ਅਤੇ ਉਹ ਬੱਚਿਆਂ ਨੂੰ ਸਟੇਜ ‘ਤੇ ਬੁਲਾਉਂਦੇ ਹਨ, ਜਿਸ ਦੀਆਂ ਤਸਵੀਰਾਂ ਗਾਇਕ ਹਮੇਸ਼ਾ ਹੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹਨ।