ਗੁਰਦਾਸਪੁਰ – ਗੁਰਦਾਸਪੁਰ ਜ਼ਿਲ੍ਹਾ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਦੋਰਾਂਗਲਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਰਹੱਦੀ ਪਿੰਡ ਆਦੀਆ ਵਿੱਚ ਸੈਕਿੰਡ ਡਿਫੈਂਸ ਲਾਈਨ ਚੈੱਕਪੋਸਟ ’ਤੇ ਤਾਇਨਾਤ ਦੋ ਪੁਲਸ ਮੁਲਾਜ਼ਮਾਂ ਦੇ ਹੋਏ ਕਤਲ ਦੇ ਇੱਕ ਦੋਸ਼ੀ ਨੂੰ ਪੁਲਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਇਸ ਦੌਰਾਨ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਪਰ ਅਜੇ ਇਕ ਦੋਸ਼ੀ ਫ਼ਰਾਰ ਹੈ। ਗੁਰਦਾਸਪੁਰ ਵਿੱਚ ਸੀ.ਆਈ.ਏ ਸਟਾਫ ਦੇ ਇੰਚਾਰਜ ਗੁਰਮੀਤ ਸਿੰਘ ਦੇ ਇਲਾਵਾ ਚਾਰ ਹੋਰ ਪੁਲਸ ਕਰਮਚਾਰੀ ਮਨਦੀਪ ਸਿੰਘ, ਕਮਲ ਕਿਸ਼ੋਰ, ਸਿਮਰਨਜੀਤ ਸਿੰਘ, ਨਰਿੰਜਨ ਸਿੰਘ ਜ਼ਖ਼ਮੀ ਹੋ ਗਏ।
ਪੁਲਸ ਨੇ ਮ੍ਰਿਤਕ ਕੋਲੋਂ ਇੱਕ ਪਿਸਤੌਲ, ਦੋ ਜ਼ਿੰਦਾ ਕਾਰਤੂਸ, ਚਾਰ ਖੋਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ। ਦੋਸ਼ੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ ਦੇ ਸੰਪਰਕ ਵਿੱਚ ਸਨ। ਗੁਰਦਾਸਪੁਰ ਵਿੱਚ ਐੱਸ.ਐੱਸ.ਪੀ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਆਦੀਆ ਪਿੰਡ ਵਿੱਚ ਚੈੱਕ ਪੋਸਟ ’ਤੇ ਤਾਇਨਾਤ ਏ.ਐੱਸ.ਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਇਹ ਘਟਨਾ ਉਸ ਦਿਨ ਤੋਂ ਹੀ ਪੰਜਾਬ ਪੁਲਸ ਲਈ ਇੱਕ ਚੁਣੌਤੀ ਸੀ। ਇਸ ਸਬੰਧੀ ਤਕਨੀਕੀ ਸੈੱਲ ਗੁਰਦਾਸਪੁਰ, ਬਟਾਲਾ ਅਤੇ ਕਾਊਂਟਰ ਇੰਟੈਲੀਜੈਂਸ ਸਮੇਤ ਸਾਰੇ ਪੁਲਸ ਅਧਿਕਾਰੀ ਇਸ ਘਟਨਾ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਸਨ। ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਦਿਲਾਵਰ ਸਿੰਘ ਵਾਸੀ ਅਲੀਨੰਗਲ, ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਪਿੰਡ ਆਦੀਆਂ ਇਸ ਘਟਨਾ ਵਿੱਚ ਸ਼ਾਮਲ ਸਨ। ਇਸ ’ਤੇ ਪੁਲਸ ਨੇ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਅਤੇ ਹਿਰਾਸਤ ਵਿੱਚ ਲਏ ਗਏ ਦੋਸ਼ੀਆਂ ਨੇ ਆਪਣੀ ਸ਼ਮੂਲੀਅਤ ਕਬੂਲ ਕੀਤੀ। ਡੀ.ਆਈ.ਜੀ ਸੰਦੀਪ ਗੋਇਲ ਨੇ ਦੱਸਿਆ ਕਿ ਦੋਰਾਂਗਲਾ ਪੁਲਸ ਸਟੇਸ਼ਨ ਦੇ ਇੰਚਾਰਜ ਬਨਾਰਸੀ ਦਾਸ ਦੋਸ਼ੀ ਰਣਜੀਤ ਸਿੰਘ ਨੂੰ ਘਟਨਾ ਵਿੱਚ ਵਰਤੀ ਗਈ ਪਿਸਤੌਲ ਬਰਾਮਦ ਕਰਨ ਲਈ ਲੈ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਸਵੇਰੇ 3:00 ਵਜੇ ਗਾਹਲੜੀ ਨੇੜੇ ਅਚਾਨਕ ਪਲਟ ਗਈ। ਦੋਸ਼ੀ ਰਣਜੀਤ ਸਿੰਘ ਨੇ ਇਸ ਦਾ ਫਾਇਦਾ ਉਠਾਇਆ ਅਤੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਸ ਕੰਟਰੋਲ ਰੂਮ ’ਤੇ ਇਸ ਬਾਰੇ ਜਾਣਕਾਰੀ ਮਿਲਣ ’ਤੇ ਸਾਰੀਆਂ ਪੁਲਸ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਸਾਰੀਆਂ ਚੌਂਕੀਆਂ ਨੂੰ ਅਲਰਟ ਕਰ ਦਿੱਤਾ ਗਿਆ।

