ਵਾਸ਼ਿੰਗਟਨ/ਤੇਹਰਾਨ : ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਦਰਮਿਆਨ ਅਮਰੀਕਾ ਨੇ ਈਰਾਨ ਦੇ ਰਣਨੀਤਕ ਤੌਰ ‘ਤੇ ਬੇਹੱਦ ਮਹੱਤਵਪੂਰਨ ਸ਼ਹਿਰ ਇਸਫਾਹਾਨ (Isfahan) ਨੂੰ ਆਪਣਾ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ ਅਮਰੀਕਾ ਨੇ ਇਸਫਾਹਾਨ ਵਿੱਚ ਇੱਕ ਭੂਮੀਗਤ ਹਥਿਆਰਾਂ ਦੇ ਡਿਪੂ ਨੂੰ ਤਬਾਹ ਕਰਨ ਲਈ 2000 ਪੌਂਡ (ਲਗਭਗ 907 ਕਿਲੋ) ਦੇ ਸ਼ਕਤੀਸ਼ਾਲੀ ‘ਬੰਕਰ ਬਸਟਰ’ (Bunker-buster) ਬੰਬਾਂ ਦੀ ਵਰਤੋਂ ਕੀਤੀ। ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਸ ਹਮਲੇ ਦੀ ਇੱਕ ਬੇਹੱਦ ਖ਼ੌਫ਼ਨਾਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਧਮਾਕੇ ਤੋਂ ਬਾਅਦ ਆਸਮਾਨ ਵਿੱਚ ਅੱਗ ਅਤੇ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਮੰਜ਼ਰ ਬੇਹੱਦ ਡਰਾਉਣਾ ਹੈ। ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਹਮਲੇ ਵਿੱਚ ਵੱਡੀ ਮਾਤਰਾ ਵਿੱਚ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਹੈ। ਅਮਰੀਕਾ ਦਾ ਇਹ ਖਾਸ ਬੰਕਰ ਬਸਟਰ ਬੰਬ ਬੇਹੱਦ ਮਜ਼ਬੂਤ ਕੰਕਰੀਟ ਦੇ ਢਾਂਚੇ ਨੂੰ ਭੇਦ ਕੇ ਜ਼ਮੀਨ ਦੇ ਹੇਠਾਂ ਬਣੇ ਟਿਕਾਣਿਆਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਹਮਲੇ ਲਈ ਅਮਰੀਕਾ ਦੇ ਆਧੁਨਿਕ ਬੀ-2 ਬੌਂਬਰ (B-2 Bomber) ਜਹਾਜ਼ ਦੀ ਵਰਤੋਂ ਕੀਤੀ ਗਈ, ਜੋ ਦੁਸ਼ਮਣ ਦੇ ਏਅਰ ਡਿਫੈਂਸ ਸਿਸਟਮ ਨੂੰ ਚਕਮਾ ਦੇਣ ਵਿੱਚ ਮਾਹਰ ਮੰਨਿਆ ਜਾਂਦਾ ਹੈ। ਪਿਛਲੇ ਸਾਲ ਵੀ ਅਮਰੀਕਾ ਨੇ ਇਸੇ ਸ਼ਹਿਰ ਵਿੱਚ ਈਰਾਨੀ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਇਨ੍ਹਾਂ ਬੰਬਾਂ ਦੀ ਵਰਤੋਂ ਕੀਤੀ ਸੀ।

