ਨੈਸ਼ਨਲ ਡੈਸਕ : ਸ਼ਿਮਲਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਸਕੂਲ ਤੋਂ ਅਚਾਨਕ ਤਿੰਨ ਵਿਦਿਆਰਥੀ ਕਥਿਤ ਤੌਰ ‘ਤੇ ਗਾਇਬ ਹੋ ਗਏ ਹਨ। ਦੱਸ ਦੇਈਏ ਕਿ ਲਾਪਤਾ ਹੋਏ ਵਿਦਿਆਰਥੀ ਬਿਸ਼ਪ ਚੈਂਟਨ ਸਕੂਲ ਦੇ ਹਨ, ਜਿਹਨਾਂ ਦੇ ਬਾਰੇ ਪਤਾ ਲੱਗਣ ‘ਤੇ ਹਫ਼ੜਾ-ਦਫ਼ੜੀ ਮੱਚ ਗਈ। ਪਤਾ ਲੱਗਾ ਹੈ ਕਿ ਇਹਨਾਂ ਵਿੱਚੋਂ ਇੱਕ ਵਿਦਿਆਰਥੀ ਕੁੱਲੂ ਦੂਜਾ ਕਰਨਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਇਸ ਘਟਨਾ ਦੀ ਸੂਚਨਾ ਜਦੋਂ ਪੁਲਸ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਮੌਕੇ ‘ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਸਕੂਲ ਦੇ ਗੇਟ ਦੇ ਆਖਰੀ ਸੀਸੀਟੀਵੀ ਫੁਟੇਜ ਦੇ ਅਨੁਸਾਰ ਇਹ ਵਿਦਿਆਰਥੀ ਬੀਤੇ ਦਿਨ ਦੁਪਹਿਰ 12 ਵਜੇ ਦੇ ਕਰੀਬ ਉਥੋਂ ਨਿਕਲ ਗਏ ਸਨ ਪਰ ਉਸ ਤੋਂ ਬਾਅਦ ਇਹਨਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ। ਬੱਚੇ ਸਕੂਲ ਵਾਪਸ ਵੀ ਨਹੀਂ ਆਏ ਅਤੇ ਅਜੇ ਤੱਕ ਉਨ੍ਹਾਂ ਦੀ ਕੋਈ ਲੋਕੇਸ਼ਨ ਦੇ ਬਾਰੇ ਵੀ ਨਹੀਂ ਪਤਾ ਲੱਗਾ।
ਸੂਤਰਾਂ ਅਨੁਸਾਰ ਵਿਦਿਆਰਥੀਆਂ ਦੇ ਪਰਿਵਾਰ ਵਾਲੇ ਇੱਕ ਅਣਜਾਣ ਅਮਰੀਕੀ ਮੋਬਾਈਲ ਨੰਬਰ ਦੇ ਸੰਪਰਕ ਵਿਚ ਹਨ ਪਰ ਅਜੇ ਤੱਕ ਕੋਈ ਧਮਕੀ ਜਾਂ ਫਿਰੌਤੀ ਦੀ ਮੰਗ ਨਹੀਂ ਕੀਤੀ ਗਈ। ਇਹ ਮਾਮਲਾ ਸ਼ਿਮਲਾ ਲਈ ਬਹੁਤ ਵੱਡਾ ਅਤੇ ਚਿੰਤਾਜਨਕ ਹੈ, ਕਿਉਂਕਿ ਇਸ ਸ਼ਹਿਰ ਵਿੱਚ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ। ਇਹ ਪੂਰਾ ਘਟਨਾਕ੍ਰਮ ਪੁਲਸ ਅਤੇ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਅਤੇ ਇਸ ਰਹੱਸਮਈ ਘਟਨਾ ਨੂੰ ਲੈ ਕੇ ਪੂਰੇ ਸ਼ਿਮਲਾ ਵਿੱਚ ਸਨਸਨੀ ਫੈਲ ਗਈ ਹੈ।