ਬਠਿੰਡਾ: ਬਠਿੰਡਾ ਦੇ ਪਿੰਡ ਵਿਰਕ ਕਲਾਂ ‘ਚ ਸੋਮਵਾਰ ਨੂੰ ਰੂਹ ਕੰਬਾਊ ਘਟਨਾ ਸਾਹਮਣੇ ਆਈ। ਇੱਥੇ ਪਿੰਡ ‘ਚ ਹੀ ਲਵ ਮੈਰਿਜ ਕਰਨ ਵਾਲੀ ਇਕ ਕੁੜੀ ਅਤੇ ਉਸ ਦੀ ਛੋਟੀ ਧੀ ਦਾ ਉਸਦੇ ਆਪਣੇ ਹੀ ਪਿਤਾ ਅਤੇ ਭਰਾ ਵੱਲੋਂ ਕਹੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਨੇ ਕਰੀਬ ਤਿੰਨ-ਚਾਰ ਸਾਲ ਪਹਿਲਾਂ ਪਿੰਡ ਵਿਰਕ ਕਲਾਂ ਦੇ ਹੀ ਇਕ ਨੌਜਵਾਨ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਪਰਿਵਾਰ ਵੱਲੋਂ ਇਸ ਵਿਆਹ ਦਾ ਵਿਰੋਧ ਕੀਤਾ ਗਿਆ ਸੀ ਅਤੇ ਲੰਬੇ ਸਮੇਂ ਤੋਂ ਘਰੇਲੂ ਕਲੇਸ਼ ਚੱਲ ਰਿਹਾ ਸੀ। ਹਾਦਸੇ ਦੇ ਦਿਨ ਕੁੜੀ ਆਪਣੀ ਮਾਸੂਮ ਧੀ ਨਾਲ ਦਵਾਈ ਲੈਣ ਲਈ ਨਿਕਲੀ ਹੋਈ ਸੀ।
ਇਸ ਦੌਰਾਨ ਪਿੰਡ ਦੇ ਨੇੜੇ ਹੀ ਉਸਦੇ ਪਿਤਾ ਅਤੇ ਭਰਾ ਨੇ ਰਸਤਾ ਰੋਕ ਕੇ ਦੋਹਾਂ ‘ਤੇ ਕਹੀ ਨਾਲ ਤਾਬੜਤੋੜ ਵਾਰ ਕਰ ਦਿੱਤੇ। ਇਸ ਕਾਰਨ ਮੌਕੇ ‘ਤੇ ਹੀ ਦੋਹਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ‘ਚ ਸਨਸਨੀ ਫੈਲ ਗਈ। ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ ‘ਚ ਕੁੜੀ ਦੇ ਪਿਤਾ ਅਤੇ ਭਰਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰੀ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਆਪਣੇ ਹੱਥ ‘ਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਮਾਮਲਾ ਇਕ ਵਾਰ ਫਿਰ ‘ਆਨਰ ਕਿਲਿੰਗ’ ਦੀ ਸੋਚ ਉੱਪਰ ਸਵਾਲ ਖੜ੍ਹਾ ਕਰਦਾ ਹੈ, ਜਿੱਥੇ ਆਪਣੀ ਮਰਜ਼ੀ ਨਾਲ ਵਿਆਹ ਕਰਨ ਵਾਲੀਆਂ ਕੁੜੀਆਂ ਅਜੇ ਵੀ ਆਪਣੇ ਹੀ ਪਰਿਵਾਰਾਂ ਤੋਂ ਸੁਰੱਖਿਅਤ ਨਹੀਂ ਹਨ।