ਪਠਾਨਕੋਟ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਵੱਲੋਂ ਭਾਰਤ ਖ਼ਿਲਾਫ਼ ਨਾਪਾਕ ਸਾਜ਼ਿਸ਼ਾਂ ਲਗਾਤਾਰ ਜਾਰੀ ਹਨ। ਹੁਣ ਆਈਐਸਆਈ ਨੇ ਭਾਰਤ ਦੇ ਨਾਬਾਲਿਗ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਗੰਭੀਰ ਮਾਮਲਾ ਪੰਜਾਬ ਦੇ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਪਠਾਨਕੋਟ ਪੁਲਸ ਨੇ 15 ਸਾਲ ਦੇ ਇੱਕ ਨਾਬਾਲਿਗ ਬੱਚੇ ਨੂੰ ਜਾਸੂਸੀ ਦੇ ਦੋਸ਼ਾਂ ਹੇਠ ਕਾਬੂ ਕੀਤਾ ਹੈ।ਪੁਲਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਨਾਬਾਲਿਗ ਪਿਛਲੇ ਲਗਭਗ ਇੱਕ ਸਾਲ ਤੋਂ ਪਾਕਿਸਤਾਨ ਦੀ ਆਈਐਸਆਈ ਦੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਭਾਰਤ ਨਾਲ ਜੁੜੀਆਂ ਸੰਵੇਦਨਸ਼ੀਲ ਜਾਣਕਾਰੀਆਂ ਉਨ੍ਹਾਂ ਤੱਕ ਪਹੁੰਚਾ ਰਿਹਾ ਸੀ।
ਬੱਚੇ ਦੇ ਮੋਬਾਇਲ ਫ਼ੋਨ ਤੋਂ ਅਹਿਮ ਸਬੂਤ ਵੀ ਬਰਾਮਦ ਕੀਤੇ ਗਏ ਹਨ,
ਜਿਸ ਨਾਲ ਇਸ ਜਾਸੂਸੀ ਨੈੱਟਵਰਕ ਦੀ ਪੁਸ਼ਟੀ ਹੋਈ ਹੈ।ਪੁਲਸ ਮੁਤਾਬਕ ਕਾਬੂ ਕੀਤਾ ਗਿਆ ਨਾਬਾਲਿਗ ਜੰਮੂ ਦੇ ਸਾਂਬਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੇ ਤੋਂ ਪੁੱਛਗਿੱਛ ਜਾਰੀ ਹੈ।ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸਿਰਫ਼ ਇਹੀ ਨਹੀਂ, ਸਗੋਂ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਵਿੱਚ ਵੀ ਕੁਝ ਨਾਬਾਲਿਗ ਬੱਚੇ ਆਈਐਸਆਈ ਦੇ ਸੰਪਰਕ ਵਿੱਚ ਹਨ।
ਇਸ ਸੂਚਨਾ ਤੋਂ ਬਾਅਦ ਪਠਾਨਕੋਟ ਪੁਲਸ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਸ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ, ਤਾਂ ਜੋ ਸਮੇਂ ਰਹਿੰਦਿਆਂ ਅਜਿਹੇ ਮਾਮਲਿਆਂ ‘ਤੇ ਰੋਕ ਲਗਾਈ ਜਾ ਸਕੇ।

