ਸਾਗਰ ਟਾਪੂ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਵਿਸ਼ੇਸ਼ ਤੀਬਰ ਸੋਧ ( ਐੱਸਆਈਆਰ) ਨੂੰ ਲੈ ਕੇ ਚੋਣ ਕਮਿਸ਼ਨ ‘ਤੇ ਵਰ੍ਹਦਿਆਂ ਕਿਹਾ ਹੈ ਕਿ ਉਹ ਸੂਬੇ ’ਚ ਐੱਸਆਈਆਰ ਦੌਰਾਨ ‘ਗੈਰ ਮਨੁੱਖੀ’ ਵਤੀਰੇ ਵਿਰੁੱਧ ਅਦਾਲਤ ’ਚ ਜਾਵੇਗੀ। ਦੱਖਣੀ 24 ਪਰਗਨਾ ਜ਼ਿਲੇ ਦੇ ਸਾਗਰ ਟਾਪੂ ’ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਸ ਪ੍ਰਕਿਰਿਆ ਨਾਲ ਜੁੜੇ ਡਰ, ਪਰੇਸ਼ਾਨੀ ਤੇ ਪ੍ਰਸ਼ਾਸਨਿਕ ਮਨਮਰਜ਼ੀ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਕਈ ਹੋਰਨਾਂ ਨੂੰ ਹਸਪਤਾਲ ਦਾਖਲ ਹੋਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਐੱਸਆਈਆਰ ਕਾਰਨ ਹੋਏ ਗੈਰ ਮਨੁੱਖੀ ਵਤੀਰੇ ਤੇ ਵੱਡੀ ਗਿਣਤੀ ’ਚ ਹੋਈਆਂ ਮੌਤਾਂ ਵਿਰੁੱਧ ਮੰਗਲਵਾਰ ਅਦਾਲਤ ’ਚ ਪਟੀਸ਼ਨ ਦਾਇਰ ਕਰਾਂਗੇ। ਜੇ ਇਜਾਜ਼ਤ ਦਿੱਤੀ ਗਈ ਤਾਂ ਮੈਂ ਸੁਪਰੀਮ ਕੋਰਟ ’ਚ ਵੀ ਪਟੀਸ਼ਨ ਦਾਇਰ ਕਰਾਂਗੀ। ਇਕ ਆਮ ਨਾਗਰਿਕ ਵਜੋਂ ਇਸ ਗੈਰ ਮਨੁੱਖੀ ਪ੍ਰਕਿਰਿਆ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਾਂਗੀ। ਮੈਂ ਇਕ ਵਕੀਲ ਵੀ ਹਾਂ। ਬੈਨਰਜੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਪਟੀਸ਼ਨ ਸੂਬਾ ਸਰਕਾਰ ਜਾਂ ਤ੍ਰਿਣਮੂਲ ਕਾਂਗਰਸ ’ਚੋਂ ਕਿਸ ਵੱਲੋਂ ਦਾਇਰ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਵੋਟਰ ਸੂਚੀ ’ਚੋਂ ਨਾਂ ਬਿਨਾਂ ਕਿਸੇ ਜਾਇਜ਼ ਕਾਰਨਾਂ ਦੇ ਮਨਮਜ਼ੀ ਵਾਲੇ ਢੰਗ ਨਾਲ ਹਟਾਏ ਜਾ ਰਹੇ ਹਨ। ਇਸ ਨਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਆਮ ਪ੍ਰਸ਼ਾਸਕੀ ਪ੍ਰਕਿਰਿਆ ਡਰਾਉਣ ਵਾਲੀ ਕਾਰਵਾਈ ’ਚ ਬਦਲ ਗਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਗੰਭੀਰ ਬੀਮਾਰੀ ਵਾਲੇ ਲੋਕਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਜਾਇਜ਼ ਵੋਟਰ ਸਾਬਤ ਕਰਨ ਲਈ ਲੰਬੀਆਂ ਕਤਾਰਾਂ ਵਿਚ ਖੜ੍ਹੇ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਦੇਸ਼ ’ਚ ਬੰਗਾਲੀ ਬੋਲਣਾ ਅਪਰਾਧ ਬਣ ਗਿਆ ਹੈ? ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਭਰਮਾਉਂਦੀ ਹੈ ਤੇ ਫਿਰ ਜਿੱਤਣ ਤੋਂ ਬਾਅਦ ਦਮਨਕਾਰੀ ਕਾਰਵਾਈ ਕਰਦੀ ਹੈ। ਭਾਜਪਾ ਚੋਣਾਂ ਤੋਂ ਪਹਿਲਾਂ 10,000 ਰੁਪਏ ਦਿੰਦੀ ਹੈ । ਬਾਅਦ ’ਚ ਬੁਲਡੋਜ਼ਰ ਚਲਾਉਂਦੀ ਹੈ।

