ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੋਮਵਾਰ ਸਵੇਰੇ ਇੱਕ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ। ਈਮੇਲ ਵਿੱਚ ਸ਼ਹਿਰ ਦੀ ਮੇਅਰ ਇੰਦਰਜੀਤ ਕੌਰ ਦੇ ਦਫ਼ਤਰ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਇਹ ਈਮੇਲ ਸਵੇਰੇ ਕਰੀਬ 7:28 ਵਜੇ ਨਗਰ ਨਿਗਮ ਕਮਿਸ਼ਨਰ ਸਮੇਤ ਕਈ ਸਰਕਾਰੀ ਈਮੇਲ ਆਈਡੀਜ਼ ‘ਤੇ ਭੇਜੀ ਗਈ। ਈਮੇਲ ਦਾ ਸਬਜੈਕਟ “Bomb Blast – Mayor Office Ludhiana” ਲਿਖਿਆ ਗਿਆ ਸੀ। ਧਮਕੀ ਦੇਣ ਵਾਲਿਆਂ ਨੇ ਦੁਪਹਿਰ 1:11 ਵਜੇ ਮੇਅਰ ਦਫ਼ਤਰ ਅਤੇ ਰਾਤ 9:11 ਵਜੇ ਦਿਲਜੀਤ ਦੋਸਾਂਝ ਦੇ ਘਰ ‘ਤੇ ਧਮਾਕੇ ਕਰਨ ਦੀ ਗੱਲ ਲਿਖੀ ਹੈ।
ਈਮੇਲ ਵਿੱਚ 1984 ਦੇ ਸਿੱਖ ਦੰਗਿਆਂ ਦਾ ਹਵਾਲਾ ਦਿੰਦੇ ਹੋਏ ਬਦਲਾ ਲੈਣ ਦੀਆਂ ਗੱਲਾਂ ਵੀ ਲਿਖੀਆਂ ਗਈਆਂ ਹਨ। ਨਾਲ ਹੀ 6 ਜੂਨ ਤੱਕ ਧਮਾਕਿਆਂ ਦੀ ਚੇਤਾਵਨੀ ਦਿੱਤੀ ਗਈ ਹੈ।
ਈਮੇਲ ਦੇ ਅੰਤ ਵਿੱਚ ਇਸ ਨੂੰ ਕਥਿਤ ਤੌਰ ‘ਤੇ “ਖਾਲਿਸਤਾਨ ਨੈਸ਼ਨਲ ਆਰਮੀ” ਵੱਲੋਂ ਭੇਜਿਆ ਹੋਇਆ ਦੱਸਿਆ ਗਿਆ ਹੈ। ਇਸ ਵਿੱਚ ਦੋ ਵਿਅਕਤੀਆਂ ਦੇ ਨਾਮ ਵੀ ਦਰਜ ਕੀਤੇ ਗਏ ਹਨ। ਹਾਲਾਂਕਿ ਪੁਲਿਸ ਇਸ ਈਮੇਲ ਦੀ ਸੱਚਾਈ ਅਤੇ ਸਰੋਤ ਦੀ ਜਾਂਚ ਕਰ ਰਹੀ ਹੈ।
ਘਟਨਾ ਤੋਂ ਬਾਅਦ ਪੁਲਿਸ, ਖੁਫੀਆ ਏਜੰਸੀਆਂ ਅਤੇ ਸਾਇਬਰ ਸੈੱਲ ਪੂਰੀ ਤਰ੍ਹਾਂ ਅਲਰਟ ਹੋ ਗਏ ਹਨ। ਈਮੇਲ ਭੇਜਣ ਵਾਲੇ ਦੇ IP ਐਡਰੈੱਸ ਅਤੇ ਹੋਰ ਤਕਨੀਕੀ ਜਾਣਕਾਰੀ ਟ੍ਰੇਸ ਕਰਨ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਮੇਅਰ ਦਫ਼ਤਰ ਅਤੇ ਹੋਰ ਅਹਿਮ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

