Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪੰਜਾਬ ਨਿਗਮ ਚੋਣਾਂ ਕੱਲ੍ਹ: 36 ਲੱਖ ਤੋਂ ਵੱਧ ਵੋਟਰ ਪਾਉਣਗੇ ਵੋਟ, ਸੁਰੱਖਿਆ...

ਪੰਜਾਬ ਨਿਗਮ ਚੋਣਾਂ ਕੱਲ੍ਹ: 36 ਲੱਖ ਤੋਂ ਵੱਧ ਵੋਟਰ ਪਾਉਣਗੇ ਵੋਟ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਮੰਗਲਵਾਰ ਨੂੰ ਵੋਟਿੰਗ ਹੋਵੇਗੀ। ਸੂਬੇ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਾਂ ਪਾਈਆਂ ਜਾਣਗੀਆਂ, ਜਦਕਿ ਨਤੀਜੇ 29 ਮਈ ਨੂੰ ਐਲਾਨੇ ਜਾਣਗੇ।

ਚੋਣ ਪ੍ਰਚਾਰ ਦੇ ਆਖਰੀ ਦਿਨ ਐਤਵਾਰ ਨੂੰ ਸਾਰੇ ਰਾਜਨੀਤਿਕ ਦਲਾਂ ਅਤੇ ਉਮੀਦਵਾਰਾਂ ਵੱਲੋਂ ਜ਼ੋਰਦਾਰ ਰੋਡ ਸ਼ੋਅ ਅਤੇ ਚੋਣ ਰੈਲੀਆਂ ਕੀਤੀਆਂ ਗਈਆਂ। ਇਸ ਵਾਰ ਦੀਆਂ ਨਿਗਮ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਵਜੋਂ ਵੇਖਿਆ ਜਾ ਰਿਹਾ ਹੈ।

ਰਾਜ ਚੋਣ ਕਮਿਸ਼ਨ ਅਨੁਸਾਰ ਇਸ ਵਾਰ 36,72,932 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚ 18 ਲੱਖ ਤੋਂ ਵੱਧ ਪੁਰਸ਼, ਲਗਭਗ 17 ਲੱਖ ਮਹਿਲਾਵਾਂ ਅਤੇ ਹੋਰ ਵਰਗ ਦੇ ਵੋਟਰ ਸ਼ਾਮਲ ਹਨ।

ਚੋਣਾਂ ਇਸ ਵਾਰ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ। ਸੂਬੇ ਭਰ ਵਿੱਚ 3977 ਪੋਲਿੰਗ ਬੂਥ ਬਣਾਏ ਗਏ ਹਨ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਕਰਨ ਲਈ 36 ਹਜ਼ਾਰ ਕਰਮਚਾਰੀ ਡਿਊਟੀ ‘ਤੇ ਲਗਾਏ ਗਏ ਹਨ, ਜਦਕਿ 35,500 ਪੁਲਿਸ ਅਤੇ ਹੋਮਗਾਰਡ ਜਵਾਨ ਸੁਰੱਖਿਆ ਲਈ ਤੈਨਾਤ ਕੀਤੇ ਗਏ ਹਨ। ਹਰ ਬੂਥ ‘ਤੇ 5 ਕਰਮਚਾਰੀ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ IAS ਅਤੇ PCS ਅਧਿਕਾਰੀਆਂ ਨੂੰ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਊਟੀਆਂ ਸੌਂਪੀਆਂ ਗਈਆਂ ਹਨ।

ਬਠਿੰਡਾ, ਅਬੋਹਰ, ਬਟਾਲਾ, ਬਰਨਾਲਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਮੋਹਾਲੀ ਨਗਰ ਨਿਗਮ ਚੋਣਾਂ ਇਸ ਵਾਰ ਸਾਰੇ ਦਲਾਂ ਲਈ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਬਰਨਾਲਾ ਨਗਰ ਨਿਗਮ ਲਈ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ।

ਨਾਮਜ਼ਦਗੀਆਂ ਦੌਰਾਨ ਕੁੱਲ 10,809 ਉਮੀਦਵਾਰਾਂ ਨੇ ਪੇਪਰ ਭਰੇ ਸਨ। ਇਨ੍ਹਾਂ ਵਿੱਚੋਂ 2393 ਨੇ ਨਾਮ ਵਾਪਸ ਲੈ ਲਿਆ, ਜਦਕਿ 79 ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ। ਹੁਣ 7555 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਰੇ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ CCTV ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਚੋਣੀ ਰਿਕਾਰਡਿੰਗ ਘੱਟੋ-ਘੱਟ ਇੱਕ ਸਾਲ ਤੱਕ ਸੁਰੱਖਿਅਤ ਰੱਖੀ ਜਾਵੇ ਅਤੇ ਬਿਨਾਂ ਮਨਜ਼ੂਰੀ ਫੁਟੇਜ ਨਸ਼ਟ ਨਾ ਕੀਤੀ ਜਾਵੇ।