ਚੰਡੀਗੜ੍ਹ PGI ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ. ਸੋਨੂੰ ਗੋਇਲ ਨੇ ਬੋਤਲਬੰਦ ਪਾਣੀ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੋਤਲ ਵਿੱਚ ਬੰਦ ਪਾਣੀ ਦੇਖਣ ਵਿੱਚ ਬਿਲਕੁਲ ਸਾਫ਼ ਹੋਵੇ, ਉਸ ਦਾ ਸਵਾਦ ਆਮ ਹੋਵੇ ਅਤੇ ਉਸ ਵਿੱਚੋਂ ਕਿਸੇ ਤਰ੍ਹਾਂ ਦੀ ਬਦਬੂ ਵੀ ਨਾ ਆਉਂਦੀ ਹੋਵੇ, ਫਿਰ ਵੀ ਉਸ ਵਿੱਚ ਸਿਹਤ ਲਈ ਨੁਕਸਾਨਦਾਇਕ ਕੈਮੀਕਲ ਮੌਜੂਦ ਹੋ ਸਕਦੇ ਹਨ।
ਡਾ. ਗੋਇਲ ਮੁਤਾਬਕ ਬੋਤਲਬੰਦ ਪਾਣੀ ਵਿੱਚ ਬ੍ਰੋਮੇਟ ਅਤੇ ਪੌਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ (PAH) ਵਰਗੇ ਹਾਨੀਕਾਰਕ ਰਸਾਇਣ ਹੋ ਸਕਦੇ ਹਨ। ਲੰਬੇ ਸਮੇਂ ਤੱਕ ਇਨ੍ਹਾਂ ਦਾ ਸੇਵਨ ਸਿਹਤ ਲਈ ਗੰਭੀਰ ਖ਼ਤਰੇ ਪੈਦਾ ਕਰ ਸਕਦਾ ਹੈ।
ਬ੍ਰੋਮੇਟ ਦੀ ਮਾਤਰਾ ਤੈਅ ਹੱਦ ਤੋਂ ਵੱਧ ਹੋਣਾ ਖ਼ਤਰਨਾਕ
ਖੁਰਾਕ ਸੁਰੱਖਿਆ ਮਾਪਦੰਡਾਂ ਅਨੁਸਾਰ ਪੀਣ ਵਾਲੇ ਪਾਣੀ ਵਿੱਚ ਬ੍ਰੋਮੇਟ ਦੀ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਮਾਤਰਾ 10 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਨਿਰਧਾਰਤ ਕੀਤੀ ਗਈ ਹੈ। ਪਾਣੀ ਨੂੰ ਕੀਟਾਣੂ-ਮੁਕਤ ਕਰਨ ਲਈ ਕਈ ਵਾਰ ਓਜ਼ੋਨ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਦੌਰਾਨ ਪਾਣੀ ਵਿੱਚ ਕੁਦਰਤੀ ਤੌਰ ‘ਤੇ ਮੌਜੂਦ ਬ੍ਰੋਮਾਈਡ ਦੀ ਓਜ਼ੋਨ ਨਾਲ ਰਸਾਇਣਕ ਪ੍ਰਤੀਕਿਰਿਆ ਹੋਣ ਕਾਰਨ ਬ੍ਰੋਮੇਟ ਬਣ ਸਕਦਾ ਹੈ।
ਇੱਕ ਵਾਰ ਪਾਣੀ ਵਿੱਚ ਬ੍ਰੋਮੇਟ ਬਣ ਜਾਣ ਤੋਂ ਬਾਅਦ ਇਸ ਨੂੰ ਹਟਾਉਣਾ ਕਾਫ਼ੀ ਮੁਸ਼ਕਲ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਓਜ਼ੋਨ ਨਾਲ ਟ੍ਰੀਟ ਕੀਤੇ ਪਾਣੀ ਵਿੱਚ ਬ੍ਰੋਮੇਟ ਦੀ ਮਾਤਰਾ 2 ਤੋਂ 293 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੱਕ ਦਰਜ ਕੀਤੀ ਗਈ ਹੈ।
ਪੁਰਾਣੀਆਂ ਪਾਈਪਲਾਈਨਾਂ ਰਾਹੀਂ ਵੀ ਪਾਣੀ ਵਿੱਚ ਪਹੁੰਚ ਸਕਦੇ ਹਨ ਕੈਮੀਕਲ
PAH ਕਈ ਤਰ੍ਹਾਂ ਦੇ ਰਸਾਇਣਾਂ ਦਾ ਸਮੂਹ ਹੈ। ਇਹ ਕੋਲੇ, ਤੇਲ ਅਤੇ ਲੱਕੜ ਦੇ ਅਧੂਰੇ ਸੜਨ, ਉਦਯੋਗਿਕ ਪ੍ਰਦੂਸ਼ਣ ਅਤੇ ਪੁਰਾਣੀਆਂ ਪਾਣੀ ਦੀਆਂ ਪਾਈਪਲਾਈਨਾਂ ਵਿੱਚ ਲੱਗੀ ਕੋਲਤਾਰ ਦੀ ਪਰਤ ਰਾਹੀਂ ਪਾਣੀ ਵਿੱਚ ਪਹੁੰਚ ਸਕਦੇ ਹਨ।
ਇਸ ਲਈ ਸਿਰਫ਼ ਪਾਣੀ ਦੇ ਸਾਫ਼ ਦਿਖਾਈ ਦੇਣ ਨਾਲ ਉਸ ਦੀ ਸ਼ੁੱਧਤਾ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ।
ਕੈਂਸਰ ਦਾ ਖ਼ਤਰਾ, ਇਨ੍ਹਾਂ ਲੋਕਾਂ ਨੂੰ ਵਧੇਰੇ ਸਾਵਧਾਨੀ ਦੀ ਲੋੜ
PAH ਸਮੂਹ ਵਿੱਚ ਸ਼ਾਮਲ ਬੈਂਜ਼ੋ-ਪਾਇਰੀਨ ਨੂੰ ਕੌਮਾਂਤਰੀ ਕੈਂਸਰ ਖੋਜ ਏਜੰਸੀ (IARC) ਵੱਲੋਂ ਕੈਂਸਰਕਾਰਕ ਮੰਨਿਆ ਗਿਆ ਹੈ। ਜਦਕਿ ਬ੍ਰੋਮੇਟ ਨੂੰ ਸੰਭਾਵਿਤ ਕੈਂਸਰਕਾਰਕ ਰਸਾਇਣਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਬੱਚਿਆਂ, ਗਰਭਵਤੀ ਔਰਤਾਂ ਅਤੇ ਕਿਡਨੀ ਦੇ ਮਰੀਜ਼ਾਂ ਨੂੰ ਪਾਣੀ ਦੀ ਗੁਣਵੱਤਾ ਸਬੰਧੀ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਲੰਬੇ ਸਮੇਂ ਤੱਕ ਇਨ੍ਹਾਂ ਰਸਾਇਣਾਂ ਦੇ ਸੰਪਰਕ ਵਿੱਚ ਰਹਿਣਾ ਸਿਹਤ ਲਈ ਖ਼ਤਰਾ ਬਣ ਸਕਦਾ ਹੈ।
ਪਾਣੀ ਉਬਾਲਣ ਨਾਲ ਵੀ ਖ਼ਤਮ ਨਹੀਂ ਹੁੰਦੇ ਇਹ ਕੈਮੀਕਲ
ਮਾਹਿਰਾਂ ਮੁਤਾਬਕ ਬ੍ਰੋਮੇਟ ਅਤੇ PAH ਵਰਗੇ ਰਸਾਇਣਾਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੀ ਮੌਜੂਦਗੀ ਨਾਲ ਪਾਣੀ ਦਾ ਰੰਗ, ਸਵਾਦ ਜਾਂ ਬਦਬੂ ਨਹੀਂ ਬਦਲਦੀ। ਇਸ ਲਈ ਸਿਰਫ਼ ਪਾਣੀ ਨੂੰ ਦੇਖ ਕੇ ਜਾਂ ਚੱਖ ਕੇ ਉਸ ਦੀ ਸ਼ੁੱਧਤਾ ਦਾ ਪਤਾ ਨਹੀਂ ਲਗਾਇਆ ਜਾ ਸਕਦਾ।
ਪਾਣੀ ਉਬਾਲਣ ਨਾਲ ਬੈਕਟੀਰੀਆ ਅਤੇ ਕਈ ਹੋਰ ਕੀਟਾਣੂ ਨਸ਼ਟ ਹੋ ਸਕਦੇ ਹਨ, ਪਰ ਇਸ ਵਿੱਚ ਘੁਲੇ ਰਸਾਇਣਕ ਪ੍ਰਦੂਸ਼ਕ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦੇ। ਇਨ੍ਹਾਂ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਵਿਸ਼ੇਸ਼ ਲੈਬ ਵਿੱਚ ਵਿਗਿਆਨਕ ਜਾਂਚ ਕਰਵਾਉਣੀ ਜ਼ਰੂਰੀ ਹੈ।

