ਗੋਰਖਪੁਰ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਾਂਗਰਸ ਪਾਰਟੀ ‘ਤੇ ਰਾਸ਼ਟਰੀ ਗੀਤ “ਵੰਦੇ ਮਾਤਰਮ” ਦਾ ਨਿਰਾਦਰ ਕਰਨ ਦਾ ਦੋਸ਼ ਲਾਉਂਦੇ ਹੋਏ ਸੂਬੇ ਦੇ ਸਾਰੇ ਸਕੂਲਾਂ ਵਿਚ ਇਸ ਦਾ ਗਾਉਣਾ ਲਾਜ਼ਮੀ ਕੀਤੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਮੌਲਾਨਾ ਮੁਹੰਮਦ ਅਲੀ ਜੌਹਰ ‘ਤੇ ਵੰਦੇ ਮਾਤਰਮ ਦਾ ਵਿਰੋਧ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਪਾਰਟੀ ਨੇ ਜੇਕਰ ਵੰਦੇ ਮਾਤਰਮ ਰਾਹੀਂ ਭਾਰਤ ਦੇ ਰਾਸ਼ਟਰਵਾਦ ਦਾ ਸਤਿਕਾਰ ਕੀਤਾ ਹੁੰਦਾ ਤਾਂ ਦੇਸ਼ ਵੰਡਿਆ ਨਾ ਜਾਂਦਾ।
ਗੋਰਖਪੁਰ ਵਿੱਚ ਸੋਮਵਾਰ ਨੂੰ ‘ਏਕਤਾ ਯਾਤਰਾ’ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਵੰਦੇ ਮਾਤਰਮ ਰਾਸ਼ਟਰੀ ਗੀਤ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਹੋਣੀ ਚਾਹੀਦੀ ਹੈ। ਉੱਤਰ ਪ੍ਰਦੇਸ਼ ਦੇ ਹਰੇਕ ਸਕੂਲ ਅਤੇ ਵਿਦਿਅਕ ਸੰਸਥਾ ਵਿੱਚ ਅਸੀਂ ਇਸਨੂੰ ਗਾਉਣਾ ਲਾਜ਼ਮੀ ਬਣਾਵਾਂਗੇ।” ਉਨ੍ਹਾਂ ਕਿਹਾ ਕਿ ਇਸ ਨਾਲ ਉੱਤਰ ਪ੍ਰਦੇਸ਼ ਦੇ ਹਰ ਨਾਗਰਿਕ ਵਿੱਚ ਭਾਰਤ ਮਾਤਾ ਪ੍ਰਤੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਜਾਗ ਪਵੇਗੀ। CM ਯੋਗੀ ਆਦਿੱਤਿਆਨਾਥ ਨੇ ਕਿਸੇ ਦਾ ਨਾਮ ਲਏ ਬਿਨਾਂ ਕਿਹਾ, “ਕੁਝ ਲੋਕਾਂ ਲਈ ਅੱਜ ਵੀ ਭਾਰਤ ਦੀ ਏਕਤਾ ਅਤੇ ਅਖੰਡਤਾ ਤੋਂ ਵੱਧ ਕੇ ਉਨ੍ਹਾਂ ਦੀ ਰਾਏ ਅਤੇ ਧਰਮ ਹੋ ਜਾਂਦਾ ਹੈ। ਉਨ੍ਹਾਂ ਦੀ ਨਿੱਜੀ ਵਫ਼ਾਦਾਰੀ ਮਹੱਤਵਪੂਰਨ ਹੋ ਜਾਂਦੀ ਹੈ। ਵੰਦੇ ਮਾਤਰਮ ਦੇ ਵਿਰੋਧ ਦਾ ਕੋਈ ਜਾਇਜ਼ ਨਹੀਂ ਹੈ।”

