ਇੰਟਰਨੈਸ਼ਨਲ – ਮਾਲੀ ‘ਚ ਹਾਲਾਤ ਫਿਰ ਗੰਭੀਰ ਹੋ ਗਏ ਹਨ। ਇੱਥੇ ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਗਰੁੱਪ ਨੇ 5 ਭਾਰਤੀ ਨਾਗਰਿਕਾਂ ਨੂੰ ਅਗਵਾ ਕਰ ਲਿਆ ਹੈ। ਇਹ ਘਟਨਾ 6 ਨਵੰਬਰ ਨੂੰ ਹੋਈ ਸੀ। ਭਾਰਤ ਦੇ ਬਮਾਕੋ ਸਥਿਤ ਦੂਤਘਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਮਾਮਲੇ ਨਾਲ ਪੂਰੀ ਤਰ੍ਹਾਂ ਵਾਕਿਫ ਹੈ ਅਤੇ ਸਥਾਨਕ ਪ੍ਰਸ਼ਾਸਨ ਤੇ ਸੰਬੰਧਤ ਕੰਪਨੀ ਨਾਲ ਮਿਲ ਕੇ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਤੁਰੰਤ ਕਦਮ ਚੁੱਕ ਰਿਹਾ ਹੈ। ਦੂਤਘਰ ਨੇ ‘ਐਕਸ’ (ਪਹਿਲਾਂ ਟਵਿੱਟਰ) ’ਤੇ ਪੋਸਟ ਕਰਦਿਆਂ ਕਿਹਾ,“ਅਸੀਂ 6 ਨਵੰਬਰ 2025 ਨੂੰ ਮਾਲੀ ‘ਚ ਸਾਡੇ 5 ਨਾਗਰਿਕਾਂ ਦੇ ਅਗਵਾ ਹੋਣ ਦੀ ਦੁਖਦਾਈ ਘਟਨਾ ਤੋਂ ਜਾਣੂੰ ਹਾਂ। ਦੂਤਘਰ ਮਾਲੀ ਅਧਿਕਾਰੀਆਂ ਅਤੇ ਸੰਬੰਧਤ ਕੰਪਨੀ ਨਾਲ ਨੇੜੇ ਤੌਰ ’ਤੇ ਕੰਮ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਦੀ ਜਿੰਨੀ ਜਲਦੀ ਹੋ ਸਕੇ ਸੁਰੱਖਿਅਤ ਰਿਹਾਈ ਹੋ ਸਕੇ।”
ਅਲ-ਕਾਇਦਾ ਗਰੁੱਪ ਦੀ ਰਾਜਧਾਨੀ ਵੱਲ ਪਹੁੰਚ
ਅੰਤਰਰਾਸ਼ਟਰੀ ਰਿਪੋਰਟਾਂ ਮੁਤਾਬਕ, ਮਾਲੀ ਦੀ ਰਾਜਧਾਨੀ ਬਮਾਕੋ ਦੇ ਆਲੇ-ਦੁਆਲੇ ਅਲ-ਕਾਇਦਾ ਨਾਲ ਜੁੜੇ ਜਿਹਾਦੀ ਗਰੁੱਪ “ਜਮਾਤ ਨੁਸਰਤ ਅਲ-ਇਸਲਾਮ ਵਲ ਮੁਸਲਿਮੀਨ” (JNIM) ਨੇ ਆਪਣੀ ਪਕੜ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਗਰੁੱਪ ਨੇ ਹਾਈਵੇਅ, ਫਿਊਲ ਕਾਫ਼ਲਿਆਂ ਅਤੇ ਸੁਰੱਖਿਆ ਬਲਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਕਾਰਨ ਬਮਾਕੋ ‘ਚ ਫਿਊਲ ਦੀ ਕਮੀ ਆ ਗਈ ਹੈ ਕਿਉਂਕਿ ਅੱਤਵਾਦੀਆਂ ਨੇ ਮੁੱਖ ਸਪਲਾਈ ਰੂਟ ਕੱਟ ਦਿੱਤੇ ਹਨ ਅਤੇ ਟਰੱਕਾਂ ’ਤੇ ਹਮਲੇ ਕੀਤੇ ਹਨ। CNN ਦੀ ਰਿਪੋਰਟ ਮੁਤਾਬਕ, JNIM ਨੇ ਹਾਲ ਹੀ ‘ਚ ਆਈਵਰੀ ਕੋਸਟ ਤੋਂ ਆ ਰਹੇ 100 ਤੋਂ ਵੱਧ ਫਿਊਲ ਟਰੱਕਾਂ ਦੇ ਕਾਫ਼ਲੇ ਨੂੰ ਅੱਗ ਲਗਾ ਦਿੱਤੀ, ਜਿਸ ‘ਚੋਂ ਅੱਧੇ ਟਰੱਕ ਸੜ ਗਏ।
ਵਿਦੇਸ਼ੀ ਨਾਗਰਿਕਾਂ ਲਈ ਚਿਤਾਵਨੀ
ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਮਾਲੀ ਛੱਡਣ ਦੀ ਸਲਾਹ ਦਿੱਤੀ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ,“ਜੇਕਰ ਤੁਹਾਨੂੰ ਅਜਿਹਾ ਕਰਨਾ ਸੁਰੱਖਿਅਤ ਲੱਗਦਾ ਹੈ ਤਾਂ ਤੁਰੰਤ ਕਮਰਸ਼ੀਅਲ ਉਡਾਣਾਂ ਨਾਲ ਚਲੇ ਜਾਓ।” ਜਦੋਂ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਵੀ ਅਮਰੀਕੀਆਂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਸੀ।

