ਮੋਹਾਲੀ: ਮੋਹਾਲੀ ਦੇ ਸੋਹਾਣਾ ‘ਚ ਸੋਮਵਾਰ ਨੂੰ ਚੱਲ ਰਹੇ 4 ਦਿਨਾ ਕਬੱਡੀ ਮੈਚ ਦੇ ਆਖ਼ਰੀ ਦਿਨ ਗੋਲੀਆਂ ਮਾਰ ਕੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਕਤਲ ਕਰ ਦਿੱਤਾ ਗਿਆ। ਰਾਣਾ ਬਲਾਚੌਰੀਆ ਦਾ ਅਜੇ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਮੂਲ ਰੂਪ ‘ਚ ਬਲਾਚੌਰ ਦਾ ਰਹਿਣ ਵਾਲਾ ਸੀ ਅਤੇ ਇਸ ਸਮੇਂ ਮੋਹਾਲੀ ‘ਚ ਹੀ ਰਹਿ ਰਿਹਾ ਸੀ। ਰਾਣਾ ਬਲਾਚੌਰੀਆ ਦੇ ਘਰ ਜਿੱਥੇ ਕੱਲ੍ਹ ਦੁਪਹਿਰ ਤੱਕ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ, ਉੱਥੇ ਹੀ ਉਸ ਦੀ ਮੌਤ ਨੇ ਘਰ ‘ਚ ਸੱਥਰ ਵਿਛਾ ਦਿੱਤੇ। ਰਾਣਾ ਬਲਾਚੌਰੀਆ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਤਨੀ ਦਾ ਹਾਲ ਦੇਖਿਆ ਨਹੀਂ ਜਾਂਦਾ।
ਰਾਣਾ ਦੀ ਤਾਈ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਬੱਚਾ ਇਸ ਤਰ੍ਹਾਂ ਦੁਨੀਆ ਤੋਂ ਚਲਾ ਜਾਵੇਗਾ। ਇਹ ਪਤਾ ਨਹੀਂ ਕਿ ਸਾਡੇ ਬੱਚੇ ਨਾਲ ਕਿਸ ਨੇ ਧੋਖਾ ਕੀਤਾ ਹੈ। ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਜੇ ਸਾਡੀ ਕੁੜੀ ਦੇ ਹੱਥਾਂ ਦੀ ਮਹਿੰਦੀ ਵੀ ਨੀ ਉਤਰੀ ਕਿ ਸਾਨੂੰ ਇਹ ਖ਼ਬਰ ਸੁਣ ਗਈ।
ਤਾਈ ਨੇ ਕਿਹਾ ਕਿ ਨਾ ਅਸੀਂ ਮਰਿਆਂ ‘ਚ ਹਾਂ ਅਤੇ ਨਾ ਜਿਊਂਦਿਆਂ ‘ਚ। ਰਾਣਾ ਬਲਾਚੌਰੀਆ ਦੇ ਚਾਚਾ ਸੰਜੀਵ ਕੰਵਰ ਨੇ ਦੱਸਿਆ ਕਿ ਰਾਣਾ ਦੀ ਭੈਣ ਨੇ ਅੱਜ ਇਟਲੀ ਜਾਣਾ ਸੀ ਪਰ ਜਿਵੇਂ ਹੀ ਬੀਤੇ ਦਿਨ ਉਸ ਨੂੰ ਪਤਾ ਲੱਗਾ ਕਿ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤਾਂ ਉਸ ਤੋਂ ਬਾਅਦ ਹੀ ਉਹ ਸਦਮੇ ‘ਚ ਹੈ।

