ਅੰਮ੍ਰਿਤਸਰ- ਕੀ ਬਹੁਤ ਹੀ ਘੱਟ ਦਬਾਅ ਅਤੇ ਤਾਪਮਾਨ ਦੇ ਬਦਲਾਅ ਨੂੰ ਵੀ ਉੱਚੀ ਸਟੀਕਤਾ ਨਾਲ ਮਾਪਿਆ ਜਾ ਸਕਦਾ ਹੈ? ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਗਿਆਨੀ ਡਾ. ਹਰਪ੍ਰੀਤ ਸਿੰਘ ਵੱਲੋਂ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਬਣੇ ਵਿਗਿਆਨਿਕ ਖੋਜ ਵਾਲੇ ਮਾਹੌਲ ਵਿਚ ਕੰਮ ਕਰਦਿਆਂ ਇਸ ਸਵਾਲ ਦਾ ਵਿਗਿਆਨਕ ਜਵਾਬ ਦੇਣ ਵਿਚ ਸਫਲ ਰਹੇ ਹਨ। ਉਨ੍ਹਾਂ ਦੀ ਅਗਵਾਈ ਵਾਲੀ ਟੀਮ ਨੇ ਇਕ ਅਜਿਹਾ ਕਵਾਂਟਮ ਸੈਂਸਰ ਵਿਕਸਿਤ ਕੀਤਾ ਹੈ ਜੋ ਹੀਰੇ ਆਧਾਰਿਤ ਸੈਂਸਰਾਂ ਨਾਲੋਂ ਲਗਭਗ 1200 ਗੁਣਾ ਵੱਧ ਸੰਵੇਦਨਸ਼ੀਲ ਹੈ।
ਇਹ ਮਹੱਤਵਪੂਰਨ ਖੋਜ ਕਵਾਂਟਮ ਸੈਂਸਿੰਗ ਦੇ ਖੇਤਰ ਵਿਚ ਇਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ, ਜਿਸ ਵਿਚ ਦਬਾਅ, ਤਾਪਮਾਨ ਅਤੇ ਹੋਰ ਭੌਤਿਕ ਮਾਤਰਾਂ ਨੂੰ ਕਵਾਂਟਮ ਗੁਣਾਂ ਦੀ ਮਦਦ ਨਾਲ ਬੇਹੱਦ ਸਟੀਕਤਾ ਨਾਲ ਮਾਪਿਆ ਜਾਂਦਾ ਹੈ। ਡਾ. ਹਰਪ੍ਰੀਤ ਸਿੰਘ ਨੇ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬਰਕਲੀ ਦੇ ਵਿਗਿਆਨੀਆਂ ਨਾਲ ਸਾਂਝੇ ਤੌਰ ’ਤੇ ਇਹ ਖੋਜ ਕੀਤੀ ਹੈ। ਇਸ ਨਵੇਂ ਸੈਂਸਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਹੀਰੇ ਦੀ ਥਾਂ ਨਰਮ ਆਰਗੈਨਿਕ ਕ੍ਰਿਸਟਲ — ਪੈਂਟਾਸੀਨ ਨਾਲ ਡੋਪ ਕੀਤੇ ਪੀ-ਟਰਫਿਨਾਈਲ ਦੀ ਵਰਤੋਂ ਕੀਤੀ ਗਈ ਹੈ। ਕਿਉਂਕਿ ਇਹ ਕ੍ਰਿਸਟਲ ਨਰਮ ਹੁੰਦੇ ਹਨ, ਇਸ ਲਈ ਬਹੁਤ ਹੀ ਸੁਖਮ ਦਬਾਅ ਜਾਂ ਤਾਪਮਾਨ ਦੇ ਬਦਲਾਅ ਨਾਲ ਵੀ ਉਨ੍ਹਾਂ ਦੀਆਂ ਕਵਾਂਟਮ ਵਿਸ਼ੇਸ਼ਤਾਵਾਂ ਵਿਚ ਵੱਡੀ ਤਬਦੀਲੀ ਆ ਜਾਂਦੀ ਹੈ, ਜੋ ਇਸ ਸੈਂਸਰ ਨੂੰ ਬੇਮਿਸਾਲ ਸੰਵੇਦਨਸ਼ੀਲ ਬਣਾਉਂਦੀ ਹੈ।
ਇਸ ਉਪਲਬਧੀ ’ਤੇ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਡਾ. ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਵਿਗਿਆਨਕ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਨਾ ਸਿਰਫ਼ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ’ਤੇ ਪਹਿਚਾਣ ਦਿੰਦਾ ਹੈ, ਸਗੋਂ ਭਾਰਤ ਨੂੰ ਅਗਲੀ ਪੀੜ੍ਹੀ ਦੀ ਕਵਾਂਟਮ ਤਕਨਾਲੋਜੀ ਵਿਚ ਅਗਵਾਈ ਵਾਲੇ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ।

