ਹੈਦਰਾਬਾਦ- ਹੈਦਰਾਬਾਦ ਦੇ ਇਤਿਹਾਸਕ ਚਾਰਮੀਨਾਰ ਕੋਲ ਸਥਿਤ ਗੁਲਜ਼ਾਰ ਹਾਊਸ ‘ਚ ਐਤਵਾਰ ਨੂੰ ਇਕ ਇਮਾਰਤ ‘ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ ਕੁਝ ਬੱਚੇ ਵੀ ਸ਼ਾਮਲ ਹਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ ਪਰ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਅਨੁਸਾਰ, ਉਨ੍ਹਾਂ ਨੂੰ ਸਵੇਰੇ ਕਰੀਬ 6.30 ਵਜੇ ਇਕ ਫੋਨ ਆਇਆ ਅਤੇ ਉਹ ਹਾਦਸੇ ਵਾਲੀ ਜਗ੍ਹਾ ਪਹੁੰਚੇ। ਕਈ ਲੋਕ ਬੇਹੋਸ਼ ਮਿਲੇ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲ ਲਿਜਾਇਆ ਗਿਆ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਉੱਥੇ ਹੀ ਮੌਕੇ ‘ਤੇ ਮੌਜੂਦ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ (ਏਆਈਐੱਮਆਈਐੱਮ) ਦੇ ਇਕ ਵਿਧਾਇਕ ਹਾਦਸੇ ‘ਤੇ ਦੁੱਖ ਜਤਾਇਆ ਹੈ ਅਤੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।। ਮੁੱਖ ਮੰਤਰੀ ਦਫ਼ਤਰ (ਸੀਐੱਮਓ) ਵਲੋਂ ਜਾਰੀ ਇਕ ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਅਤੇ ਉੱਚਿਤ ਇਲਾਜ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘਾ ਦੁੱਖ ਜਤਾਇਆ ਹੈ। ਪੀ.ਐੱਮ.ਓ. ਨੇ ‘ਐਕਸ’ ‘ਤੇ ਲਿਖਿਆ,”ਹੈਦਰਾਬਾਦ ਦੀ ਅੱਗ ਦੀ ਘਟਨਾ ‘ਚ ਲੋਕਾਂ ਦੀ ਮੌਤ ਨਾਲ ਬਹੁਤ ਦੁੱਖ ਹੋਇਆ। ਜਿਹੜੇ ਲੋਕਾਂ ਨੇ ਆਪਣਿਆਂ ਨੂੰ ਗੁਆਇਆ ਹੈ, ਉਨ੍ਹਾਂ ਨੂੰ ਹਮਦਰਦੀ। ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ।” ਪੀ.ਐੱਮ. ਰਾਹਤ ਫੰਡ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ।