ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਸੋਮਵਾਰ ਨੂੰ ਬਾਬਾ ਬਰਫਾਨੀ ਦੀ ਪਹਿਲੀ ਪੂਜਾ ਕੀਤੀ ਗਈ। ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਅਤੇ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ (SASB) ਦੇ ਚੇਅਰਮੈਨ ਮਨੋਜ ਸਿਨ੍ਹਾ ਨੇ ਪੂਜਾ ਵਿੱਚ ਹਿੱਸਾ ਲਿਆ।
ਇਸ ਸਾਲ ਅਮਰਨਾਥ ਯਾਤਰਾ 3 ਜੁਲਾਈ ਤੋਂ ਬਾਲਟਾਲ ਅਤੇ ਪਹਿਲਗਾਮ ਦੋਵੇਂ ਰੂਟਾਂ ਰਾਹੀਂ ਸ਼ੁਰੂ ਹੋਵੇਗੀ ਅਤੇ 28 ਅਗਸਤ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਯਾਤਰਾ ਕੁੱਲ 57 ਦਿਨ ਚੱਲੇਗੀ। ਅਧਿਕਾਰੀਆਂ ਮੁਤਾਬਕ 15 ਅਪ੍ਰੈਲ ਤੋਂ ਹੁਣ ਤੱਕ 4 ਲੱਖ ਤੋਂ ਵੱਧ ਸ਼ਰਧਾਲੂ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਪਹਿਲਾ ਜਥਾ 2 ਜੁਲਾਈ ਨੂੰ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਵੇਗਾ।
ਪ੍ਰਸ਼ਾਸਨ ਨੇ ਬਾਲਟਾਲ ਅਤੇ ਚੰਦਨਵਾੜੀ ਵਿੱਚ ਬੇਸ ਹਸਪਤਾਲ ਸ਼ੁਰੂ ਕਰ ਦਿੱਤੇ ਹਨ। ਯਾਤਰਾ ਮਾਰਗਾਂ ‘ਤੇ ਸੁਰੱਖਿਆ, ਸਿਹਤ ਸਹੂਲਤਾਂ ਅਤੇ ਹੋਰ ਪ੍ਰਬੰਧ ਵੀ ਪੂਰੇ ਕੀਤੇ ਜਾ ਰਹੇ ਹਨ। ਚੰਦਨਵਾੜੀ ਤੋਂ ਪਵਿੱਤਰ ਗੁਫਾ ਤੱਕ ਮਹਾਗਣੇਸ਼ ਟੌਪ ਨੇੜੇ ਬਰਫ ਹਟਾਉਣ ਦਾ ਕੰਮ ਅੰਤਿਮ ਪੜਾਅ ਵਿੱਚ ਹੈ।
ਅਮਰਨਾਥ ਯਾਤਰਾ ਲਈ ਦੋ ਮੁੱਖ ਰਸਤੇ ਹਨ — 41 ਕਿਲੋਮੀਟਰ ਲੰਬਾ ਰਵਾਇਤੀ ਪਹਿਲਗਾਮ ਰੂਟ ਅਤੇ 7 ਕਿਲੋਮੀਟਰ ਲੰਬਾ ਬਾਲਟਾਲ ਰੂਟ। ਪਹਿਲਗਾਮ ਰੂਟ ‘ਤੇ ਚੜ੍ਹਾਈ ਹੌਲੀ ਹੈ, ਇਸ ਲਈ ਯਾਤਰੀਆਂ ਨੂੰ ਉਚਾਈ ਦੇ ਮਾਹੌਲ ਨਾਲ ਅਨੁਕੂਲ ਹੋਣ ਵਿੱਚ ਮਦਦ ਮਿਲਦੀ ਹੈ। ਜਦਕਿ ਬਾਲਟਾਲ ਰੂਟ ਛੋਟਾ ਹੈ ਪਰ ਕਾਫੀ ਔਖਾ ਅਤੇ ਖੜ੍ਹੀ ਚੜ੍ਹਾਈ ਵਾਲਾ ਮੰਨਿਆ ਜਾਂਦਾ ਹੈ।

