ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਾਹਮਣੇ ਆਏ ਕਰੀਬ 14 ਕਰੋੜ ਰੁਪਏ ਦੇ UGC ਸਕਾਲਰਸ਼ਿਪ ਘੋਟਾਲੇ ਮਾਮਲੇ ਵਿੱਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਜਾਂਚ ਤੇਜ਼ ਕਰ ਦਿੱਤੀ ਹੈ।
ED ਨੇ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਐਕਟ (PMLA) ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਕੇਂਦਰੀ ਏਜੰਸੀ ਨੇ ਮੁੱਖ ਮੁਲਜ਼ਮ ਨਿਸ਼ੂ ਚੌਧਰੀ ਅਤੇ ਉਸਦੇ ਸਾਥੀਆਂ ਦੀਆਂ 20 ਤੋਂ ਵੱਧ ਜਾਇਦਾਦਾਂ ਦਾ ਰਿਕਾਰਡ ਮੰਗਿਆ ਹੈ।
ED ਇਹ ਜਾਂਚ ਕਰ ਰਹੀ ਹੈ ਕਿ ਸਕਾਲਰਸ਼ਿਪ ਘਪਲੇ ਰਾਹੀਂ ਹਾਸਲ ਕੀਤੇ ਕਰੋੜਾਂ ਰੁਪਏ ਨਾਲ ਕਿਹੜੀਆਂ ਜਾਇਦਾਦਾਂ ਖਰੀਦੀਆਂ ਗਈਆਂ ਅਤੇ ਕੀ ਕਾਲੀ ਕਮਾਈ ਨੂੰ ਸਫੈਦ ਕਰਨ ਦੀ ਕੋਸ਼ਿਸ਼ ਹੋਈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੀ ਅੰਦਰੂਨੀ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਕਰੀਬ 14 ਕਰੋੜ ਦੇ ਘੋਟਾਲੇ ਦਾ ਖੁਲਾਸਾ ਹੋਇਆ ਸੀ। ਹੁਣ ED ਬੈਂਕ ਖਾਤਿਆਂ, ਪੈਸਿਆਂ ਦੇ ਲੈਣ-ਦੇਣ ਅਤੇ ਪੂਰੇ ਮਨੀ ਟ੍ਰੇਲ ਦੀ ਜਾਂਚ ਕਰ ਰਹੀ ਹੈ। ED ਦੀ ਐਂਟਰੀ ਤੋਂ ਬਾਅਦ ਮਾਮਲੇ ਵਿੱਚ ਹਲਚਲ ਤੇਜ਼ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਜਾਇਦਾਦਾਂ ਜ਼ਬਤ ਕਰਨ ਅਤੇ ਗ੍ਰਿਫਤਾਰੀਆਂ ਵਰਗੀ ਕਾਰਵਾਈ ਹੋ ਸਕਦੀ ਹੈ।
ਪਟਿਆਲਾ ਦੇ ਸਬ-ਰਜਿਸਟਰਾਰ ਗੁਲਾਬ ਸਿੰਘ ਥਿੰਦ ਨੇ ED ਵੱਲੋਂ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਗੇ ਗਏ ਦਸਤਾਵੇਜ਼ ਨਿਯਮਾਂ ਮੁਤਾਬਕ ਤਿਆਰ ਕਰਕੇ ਏਜੰਸੀ ਨੂੰ ਸੌਂਪੇ ਜਾਣਗੇ।

