ਮਥੁਰਾ: ਮੰਗਲਵਾਰ ਸਵੇਰੇ ਮਥੁਰਾ ਵਿੱਚ ਯਮੁਨਾ ਐਕਸਪ੍ਰੈਸਵੇਅ ‘ਤੇ ਸੱਤ ਬੱਸਾਂ ਅਤੇ ਤਿੰਨ ਕਾਰਾਂ ਦੀ ਟੱਕਰ ਤੋਂ ਬਾਅਦ ਲੱਗੀ ਅੱਗ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 13 ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ 35 ਹੋਰ ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਸਵੇਰੇ 4:30 ਵਜੇ ਦੇ ਕਰੀਬ ਬਲਦੇਵ ਪੁਲਸ ਸਟੇਸ਼ਨ ਖੇਤਰ ਵਿੱਚ ਯਮੁਨਾ ਐਕਸਪ੍ਰੈਸਵੇਅ ‘ਤੇ ਵਾਪਰਿਆ, ਜਦੋਂ ਸੰਘਣੀ ਧੁੰਦ ਵਿੱਚ ਘੱਟੋ-ਘੱਟ ਸੱਤ ਬੱਸਾਂ ਅਤੇ ਤਿੰਨ ਛੋਟੇ ਵਾਹਨ ਆਪਸ ਵਿੱਚ ਟਕਰਾ ਗਏ। ਇਸ ਦੌਰਾਨ ਕਈ ਵਾਹਨਾਂ ਨੂੰ ਅੱਗ ਲੱਗ ਗਈ।
ਮਥੁਰਾ ਦੇ ਸੀਨੀਅਰ ਪੁਲਸ ਸੁਪਰਡੈਂਟ ਸ਼ਲੋਕ ਕੁਮਾਰ ਨੇ ਕਿਹਾ, “ਆਗਰਾ ਤੋਂ ਨੋਇਡਾ ਜਾ ਰਹੇ ਵਾਹਨ ਇੱਕ ਦੂਜੇ ਨਾਲ ਟਕਰਾ ਗਏ।” ਬਲਦੇਵ ਪੁਲਸ ਸਟੇਸ਼ਨ ਇੰਚਾਰਜ ਰੰਜਨਾ ਸਚਾਨ ਨੇ ਕਿਹਾ, “ਮ੍ਰਿਤਕਾਂ ਦੀ ਗਿਣਤੀ 13 ਹੋ ਗਈ, ਜਿਨ੍ਹਾਂ ਵਿੱਚੋਂ ਹੁਣ ਤੱਕ ਸਿਰਫ਼ ਦੋ ਦੀ ਪਛਾਣ ਹੋਈ। ਉਨ੍ਹਾਂ ਦੀ ਪਛਾਣ ਪ੍ਰਯਾਗਰਾਜ ਦੇ ਰਹਿਣ ਵਾਲੇ ਅਖਿਲੇਂਦਰ ਪ੍ਰਤਾਪ ਯਾਦਵ (44) ਅਤੇ ਮਹਾਰਾਜਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਰਾਮਪਾਲ (75) ਵਜੋਂ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।” ਇਹ ਸਾਰੇ ਲੋਕ ਵਾਹਨਾਂ ਵਿੱਚ ਅੱਗ ਲੱਗਣ ਤੋਂ ਬਾਅਦ ਸੜਨ ਕਾਰਨ ਮਰ ਗਏ।

