ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਦੇ ਲੋਦੀਪੁਰ ਸਥਿਤ ‘ਹੋਟਲ ਤਾਜ ਸਿਟੀ ਸੈਂਟਰ’ ਵਿੱਚ ਸੋਮਵਾਰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਏ.ਕੇ.-47 ਅਤੇ ਹੈਂਡ ਗ੍ਰਨੇਡਾਂ ਨਾਲ ਲੈਸ ਤਿੰਨ ਹਮਲਾਵਰਾਂ ਦੇ ਹੋਟਲ ਵਿੱਚ ਵੜਨ ਦੀ ਖ਼ਬਰ ਮਿਲੀ। ਅੱਤਵਾਦੀਆਂ ਨੇ ਹੋਟਲ ਵਿੱਚ ਮੌਜੂਦ ਕਰੀਬ 100 ਮਹਿਮਾਨਾਂ ਨੂੰ ਬੰਧਕ ਬਣਾ ਲਿਆ, ਜਿਸ ਕਾਰਨ ਪੂਰਾ ਇਲਾਕਾ ਛਾਉਣੀ ਵਿੱਚ ਤਬਦੀਲ ਹੋ ਗਿਆ। ਹਾਲਾਂਕਿ, ਬਾਅਦ ਵਿੱਚ ਪੁਲਸ ਨੇ ਖੁਲਾਸਾ ਕੀਤਾ ਕਿ ਇਹ ਸੁਰੱਖਿਆ ਤਿਆਰੀਆਂ ਨੂੰ ਪਰਖਣ ਲਈ ਕੀਤੀ ਗਈ ਇੱਕ ‘ਮੌਕ ਡ੍ਰਿਲ’ ਸੀ।
ਫ਼ਿਲਮੀ ਸੀਨ ਵਰਗਾ ਸੀ ਮੰਜ਼ਰ
ਸੋਮਵਾਰ ਸਵੇਰੇ ਤਿੰਨ ਡਮੀ ਅੱਤਵਾਦੀ ਹੋਟਲ ਦੇ ਮੁੱਖ ਗੇਟ ‘ਤੇ ਪਹੁੰਚੇ ਅਤੇ ਸੁਰੱਖਿਆ ਕਰਮੀਆਂ ‘ਤੇ ਗੋਲੀਬਾਰੀ ਕਰਦੇ ਹੋਏ ਦੋ ਹੈਂਡ ਗ੍ਰਨੇਡ ਸੁੱਟੇ। ਧਮਾਕਿਆਂ ਦੀ ਆਵਾਜ਼ ਸੁਣ ਕੇ ਬੁੱਢਾ ਕਲੋਨੀ ਪੁਲਸ ਅਤੇ ATS (ਐਂਟੀ ਟੈਰੋਰਿਜ਼ਮ ਸਕੁਐਡ) ਦੀਆਂ ਟੀਮਾਂ ਸਾਈਰਨ ਵਜਾਉਂਦੀਆਂ ਮੌਕੇ ‘ਤੇ ਪਹੁੰਚੀਆਂ ਅਤੇ ਪੂਰੇ ਇਲਾਕੇ ਦੀ ਬੈਰੀਕੇਡਿੰਗ ਕਰ ਦਿੱਤੀ ਗਈ।
ਡੇਢ ਘੰਟਾ ਚੱਲਿਆ ਸਾਂਝਾ ਅਪ੍ਰੇਸ਼ਨ
ATS ਅਤੇ ਜ਼ਿਲ੍ਹਾ ਪੁਲਸ ਦਾ ਇਹ ਸਾਂਝਾ ਅਪ੍ਰੇਸ਼ਨ ਕਰੀਬ ਡੇਢ ਘੰਟੇ ਤੱਕ ਚੱਲਿਆ। ਇਸ ਦੌਰਾਨ ਕਮਾਂਡੋਜ਼ ਨੇ ਹੋਟਲ ਦੀ ਹਰ ਮੰਜ਼ਿਲ ਨੂੰ ਸੈਨੀਟਾਈਜ਼ ਕੀਤਾ ਅਤੇ ਬੰਧਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਅਭਿਆਸ ਕੀਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਡ੍ਰਿਲ ਰਾਹੀਂ ਪੁਲਸ ਦੇ ‘ਰਿਸਪਾਂਸ ਟਾਈਮ’ ਅਤੇ ਆਪਸੀ ਤਾਲਮੇਲ ਦੀ ਜਾਂਚ ਕੀਤੀ ਗਈ ਹੈ।

