ਲੁਧਿਆਣਾ: ਸਰਦੀਆਂ ਦੇ ਦਸਤਕ ਦਿੰਦੇ ਹੀ ਮਹਾਨਗਰ ਦੇ ਜ਼ਿਆਦਾਤਰ ਇਲਾਕਿਆਂ ’ਚ ਘਰੇਲੂ ਗੈਸ ਦੀ ਸਪਲਾਈ ’ਚ ਭਾਰੀ ਕਿੱਲਤ ਆ ਗਈ ਹੈ, ਜਿਸ ਕਾਰਨ ਖ਼ਪਤਕਾਰਾਂ ਦੀਆਂ ਪਰੇਸ਼ਾਨੀਆਂ ਅਚਾਨਕ ਵੱਧ ਗਈਆਂ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਇੰਡੇਨ ਗੈਸ ਅਤੇ ਹਿੰਦੋਸਤਾਨ ਪੈਟਰੋਲੀਅਮ ਕੰਪਨੀ ਨਾਲ ਸਬੰਧਿਤ ਜ਼ਿਆਦਾਤਰ ਗੈਸ ਏਜੰਸੀਆਂ ’ਤੇ 3 ਤੋਂ 5 ਦਿਨਾਂ ਤੱਕ ਦਾ ਬੈਕਲਾਗ ਲੱਗਾ ਹੋਇਆ ਹੈ। ਆਈ. ਓ. ਸੀ. ਐੱਲ. (ਇੰਡੇਨ ਆਇਲ ਕੰਪਨੀ ਅਤੇ ਐੱਚ. ਪੀ. ਸੀ.) ਹਿੰਦੋਸਤਾਨ ਪੈਟਰੋਲੀਅਮ ਕੰਪਨੀ) ਨਾਲ ਸਬੰਧਿਤ ਏਜੰਸੀਆਂ ’ਤੇ ਮਾਲ ਦੀ ਪੂਰੀ ਸਪਲਾਈ ਨਹੀਂ ਪੁੱਜ ਰਹੀ। ਇਹ ਜਾਣਕਾਰੀ ਦਿੰਦੇ ਹੋਏ ਕੁੱਝ ਡੀਲਰਾਂ ਨੇ ਦੱਸਿਆ ਕਿ ਗੈਸ ਕੰਪਨੀਆਂ ਤੋਂ ਮਾਲ ਦੀ ਪੂਰੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈਂਦਾ ਹੈ, ਕਿਉਂਕਿ ਇਕ ਤਾਂ ਉਨ੍ਹਾਂ ਦੀ ਲੇਬਰ ਵਿਹਲੀ ਬੈਠੀ ਹੋਈ ਹੈ ਅਤੇ ਦੂਜਾ ਗੈਸ ਦੀ ਸਪਲਾਈ ਨਾ ਹੋਣ ਕਾਰਨ ਕਾਰੋਬਾਰ ਦਾ ਸਿਲਸਿਲਾ ਰੁਕ ਕੇ ਰਹਿ ਗਿਆ ਹੈ।
ਗੈਸ ਏਜੰਸੀਆਂ ਨਾਲ ਸਬੰਧਿਤ ਡੀਲਰ ਭਾਈਚਾਰੇ ਨੇ ਦੱਸਿਆ ਕਿ ਇੰਡੇਨ ਗੈਸ ਕੰਪਨੀ ਵਲੋਂ ਡੀਲਰਾਂ ਦੀ ਮੰਗ ਮੁਤਾਬਕ ਪਲਾਂਟ ਤੋਂ ਗੈਸ ਸਿਲੰਡਰ ਨਾਲ ਭਰੇ ਟਰੱਕ ਨਹੀਂ ਭੇਜੇ ਜਾ ਰਹੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਈ ਏਜੰਸੀਆਂ ’ਤੇ ਤਾਂ ਇਕ ਦਿਨ ਛੱਡ ਕੇ ਮਾਲ ਦੀ ਸਪਲਾਈ ਆ ਰਹੀ ਹੈ, ਜਿਸ ਕਾਰਨ ਘਰੇਲੂ ਗੈਸ ਖ਼ਪਤਕਾਰਾਂ ਨੂੰ ਸਿਲੰਡਰ ਦੀ ਸਪਲਾਈ ਕਰਨ ’ਚ ਰੁਕਾਵਟ ਆ ਰਹੀ ਹੈ, ਤਾਂ ਉਹੀ ਐੱਚ. ਪੀ. ਨਾਲ ਸਬੰਧਿਤ ਡੀਲਰਾਂ ਮੁਤਾਬਕ ਕੰਪਨੀ ਵਲੋਂ ਪਲਾਂਟ ਵਿਚ ਮੇਨਟੇਨੈਂਸ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਕਾਰਨ ਸਬੰਧਿਤ ਏਜੰਸੀ ਮਾਲਕਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਕੰਪਨੀ ਵਲੋਂ ਸਰਦੀਆਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੇਨਟੇਨੈਂਸ ਦਾ ਕੰਮ ਮੁਕੰਮਲ ਕਰ ਲਿਆ ਜਾਂਦਾ ਤਾਂ ਜੋ ਸਰਦੀਆਂ ਦੇ ਸੀਜ਼ਨ ’ਚ ਡੀਲਰ ਭਾਈਚਾਰੇ ਸਮੇਤ ਆਮ ਜਨਤਾ ਨੂੰ ਘਰੇਲੂ ਗੈਸ ਸਪਲਾਈ ਪ੍ਰਾਪਤ ਕਰਨ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਝੱਲਣੀ ਪੈਂਦੀ

