Become a member

Get the best offers and updates relating to Liberty Case News.

― Advertisement ―

spot_img
spot_img
HomeBig Newsਭਾਰਤ ਨੇ ਚੀਨ ਨੂੰ 5-2 ਨਾਲ ਹਰਾਇਆ, ਜਾਪਾਨ ਨੇ ਬੰਗਲਾਦੇਸ਼ ਨੂੰ 1-0...

ਭਾਰਤ ਨੇ ਚੀਨ ਨੂੰ 5-2 ਨਾਲ ਹਰਾਇਆ, ਜਾਪਾਨ ਨੇ ਬੰਗਲਾਦੇਸ਼ ਨੂੰ 1-0 ਨਾਲ ਮਾਤ ਦਿੱਤੀ, ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ

ਚੰਡੀਗੜ੍ਹ / ਜਲੰਧਰ, 29 ਅਕਤੂਬਰ: ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਅੱਜ ਤਿੰਨ ਰੋਮਾਂਚਕ ਅਤੇ ਜ਼ਬਰਦਸਤ ਮੁਕਾਬਲੇ ਹੋਏ, ਜਿਸ ਵਿੱਚ ਮੇਜ਼ਬਾਨ ਭਾਰਤ, ਜਾਪਾਨ ਅਤੇ ਮਲੇਸ਼ੀਆ ਨੇ ਜਿੱਤ ਦਰਜ ਕੀਤੀ।

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਭਾਰਤ-ਚੀਨ ਮੁਕਾਬਲਾ ਦੇਖਿਆ ਅਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਗਾਤਾਰ ਯਤਨਾਂ ਸਦਕਾ ਹੀ ਪੰਜਾਬ ਨੂੰ ਵੱਕਾਰੀ ‘ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਨੂੰ ਦੇਸ਼ ਵਿੱਚ ਹਾਕੀ ਦਾ ਗੜ੍ਹ ਦੱਸਦਿਆਂ, ਸ. ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਇਸ ਟੂਰਨਾਮੈਂਟ ਦੀ ਸਫਲਤਾ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਭਾਰਤ ਅਤੇ ਚੀਨ ਵਿਚਾਲੇ ਹੋਏ ਬੇਹੱਦ ਰੋਮਾਂਚਕ ਅਤੇ ਜ਼ਬਰਦਸਤ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਚੀਨ ਨੂੰ 5-2 ਨਾਲ ਹਰਾਇਆ।

ਭਾਰਤ ਲਈ, ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ‘ਡਰੈਗ ਫਲਿਕ’ ਦਾ ਪ੍ਰਦਰਸ਼ਨ ਕਰਦਿਆਂ 27ਵੇਂ ਅਤੇ 31ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਸੁਖਜੀਤ ਸਿੰਘ ਨੇ 12ਵੇਂ ਅਤੇ 34ਵੇਂ ਮਿੰਟ ਵਿੱਚ ਦੋ ‘ਫੀਲਡ ਗੋਲ’ ਕੀਤੇ। ਜੁਗਰਾਜ ਸਿੰਘ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ।

ਚੀਨ ਲਈ, ਪੇਂਗ ਯਾਂਗ ਨੇ 26ਵੇਂ ਮਿੰਟ ਵਿੱਚ ਅਤੇ ਚੋਂਗਕੋਂਗ ਚੇਨ ਨੇ 36ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤੇ।

ਇੱਕ ਹੋਰ ਮੈਚ ਵਿੱਚ ਜਾਪਾਨ ਦੀ ਟੀਮ ਨੇ ਕਰੜੀ ਟੱਕਰ ਦੇ ਰਹੀ ਬੰਗਲਾਦੇਸ਼ ਦੀ ਟੀਮ ਨੂੰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ 1-0 ਮਾਤ ਦੇ ਦਿੱਤੀ। ਜਾਪਾਨ ਵੱਲੋਂ ਰਾਇਕੀ ਫੁਜੀਸ਼ੀਮਾ ਨੇ 40ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਇਹ ਗੋਲ ਦਾਗ਼ਿਆ।

ਇਸ ਤੋਂ ਪਹਿਲਾਂ ਦਿਨ ਦੇ ਪਹਿਲੇ ਮੁਕਾਬਲੇ ਵਿੱਚ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਮਾਤ ਦਿੱਤੀ। ਮਲੇਸ਼ੀਆ ਲਈ ਅਜ਼ੀਮੂਦੀਨ ਕਮਰੂਦੀਨ ਨੇ 10ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਦੱਖਣੀ ਕੋਰੀਆ ਨੇ ਖੇਡ ਵਿੱਚ ਵਾਪਸੀ ਕਰਦਿਆਂ 31ਵੇਂ ਮਿੰਟ ਵਿੱਚ ਸੋਂਗ ਹਾਏ-ਸੋਂਗ ਦੇ ਮੈਦਾਨੀ ਗੋਲ ਦੀ ਬਦੌਲਤ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।

ਇਸ ਮਗਰੋਂ ਮਲੇਸ਼ੀਆ ਦੀ ਟੀਮ ਨੇ ਸ਼ਾਨਦਾਰ ਹਾਕੀ ਦਾ ਮੁਜ਼ਾਹਰਾ ਕਰਦਿਆਂ 2 ਹੋਰ ਗੋਲ ਦਾਗ਼ ਦਿੱਤੇ। ਮੁਹੰਮਦ ਅਖੀਮੁੱਲਾ ਅਨਵਰ ਏਸੂਕ ਨੇ 36ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਆਪਣੀ ਟੀਮ ਨੂੰ 2-1 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ 50ਵੇਂ ਮਿੰਟ ਵਿੱਚ ਫ਼ੈਜ਼ਲ ਬਿਨ ਸਾਰੀ ਨੇ ਮਲੇਸ਼ੀਆ ਲਈ ਇੱਕ ਹੋਰ ਗੋਲ ਕਰਕੇ ਸਕੋਰ 3-1 ਕਰ ਦਿੱਤਾ, ਜੋ ਕਿ ਅੰਤ ਤੱਕ ਕਾਇਮ ਰਿਹਾ।