ਪੰਜਾਬ ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਸਵੇਰੇ ਕਰੀਬ 6 ਵਜੇ ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ‘ਤੇ ਭਾਖੜਾ ਨਹਿਰ ਉੱਪਰ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਹਾਦਸੇ ਸਮੇਂ ਪੁਲ ਤੋਂ ਦੋ ਟਰੱਕ ਲੰਘ ਰਹੇ ਸਨ। ਪੁਲ ਦਾ ਇੱਕ ਹਿੱਸਾ ਧਸਣ ਕਾਰਨ ਦੋਵੇਂ ਟਰੱਕ ਟੁੱਟੇ ਹੋਏ ਹਿੱਸੇ ਵਿੱਚ ਫਸ ਗਏ ਅਤੇ ਨਹਿਰ ਦੇ ਉੱਪਰ ਲਟਕ ਗਏ। ਇਸ ਦੌਰਾਨ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਦੋਵਾਂ ਟਰੱਕ ਡਰਾਈਵਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਭਾਖੜਾ ਨਹਿਰ ਦਾ ਪਾਣੀ ਪੁਲ ਦੇ ਟੁੱਟੇ ਹੋਏ ਹਿੱਸੇ ਦੇ ਉੱਪਰੋਂ ਵਹਿਣ ਲੱਗ ਪਿਆ।
ਟ੍ਰੈਫਿਕ ਡਾਇਵਰਟ, NHAI ਦੀ ਟੀਮ ਮੌਕੇ ‘ਤੇ ਪਹੁੰਚੀ
ਪੁਲ ਟੁੱਟਣ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੁਲ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰਕੇ ਆਵਾਜਾਈ ਰੋਕ ਦਿੱਤੀ ਗਈ। ਵਾਹਨਾਂ ਨੂੰ ਪਟਿਆਲਾ ਸ਼ਹਿਰ ਵੱਲ ਡਾਇਵਰਟ ਕੀਤਾ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।
NHAI ਅਨੁਸਾਰ, ਇਸ ਪੁਲ ਦਾ ਨਿਰਮਾਣ ਪੰਜਾਬ ਲੋਕ ਨਿਰਮਾਣ ਵਿਭਾਗ (PWD) ਵੱਲੋਂ ਕਰਵਾਇਆ ਗਿਆ ਸੀ ਅਤੇ ਇਹ 2017-18 ਵਿੱਚ ਬਣ ਕੇ ਤਿਆਰ ਹੋਇਆ ਸੀ। ਉਸ ਸਮੇਂ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਸੀ। ਪੁਲ ਟੁੱਟਣ ਕਾਰਨ ਵਿਭਾਗ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਫਿਲਹਾਲ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
AAP ਆਗੂਆਂ ਨੇ ਜਾਂਚ ਦੀ ਕੀਤੀ ਮੰਗ, ਟੋਲ ਵਸੂਲੀ ਰੋਕਣ ਦੀ ਅਪੀਲ
ਆਮ ਆਦਮੀ ਪਾਰਟੀ (AAP) ਦੇ ਬੁਲਾਰੇ ਬਲਤੇਜ ਪੰਨੂ ਅਤੇ ਨੀਲ ਗਰਗ ਨੇ ਇਸ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਾਮਲੇ ਦੀ ਜਾਂਚ ਪੂਰੀ ਨਹੀਂ ਹੁੰਦੀ, ਉਦੋਂ ਤੱਕ ਟੋਲ ਦੀ ਵਸੂਲੀ ‘ਤੇ ਰੋਕ ਲਗਾਈ ਜਾਣੀ ਚਾਹੀਦੀ ਹੈ।
ਹਾਦਸੇ ਤੋਂ ਢਾਈ ਘੰਟੇ ਬਾਅਦ ਮੌਕੇ ‘ਤੇ ਪਹੁੰਚੀਆਂ ਪ੍ਰਸ਼ਾਸਨਿਕ ਟੀਮਾਂ
ਜਾਣਕਾਰੀ ਅਨੁਸਾਰ, ਹਾਦਸੇ ਤੋਂ ਕਰੀਬ ਢਾਈ ਘੰਟੇ ਬਾਅਦ ਸਵੇਰੇ ਸਾਢੇ 8 ਵਜੇ ਪ੍ਰਸ਼ਾਸਨਿਕ ਟੀਮਾਂ ਮੌਕੇ ‘ਤੇ ਪਹੁੰਚੀਆਂ। ਇਸ ਤੋਂ ਬਾਅਦ ਪੁਲ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਘਟਨਾ ਸਥਾਨ ‘ਤੇ ਸਥਾਨਕ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ।
ਪੁਲ ਦੀ ਹਾਲਤ ਹੋਰ ਖਰਾਬ ਹੋਣ ਦੇ ਖਦਸ਼ੇ ਕਾਰਨ ਮੌਕੇ ‘ਤੇ ਮਿੱਟੀ ਮੰਗਵਾਈ ਗਈ ਹੈ। ਇਸ ਤੋਂ ਇਲਾਵਾ ਪੁਲ ਦੇ ਨੁਕਸਾਨੇ ਗਏ ਹਿੱਸੇ ਨੂੰ ਹਰੇ ਕੱਪੜੇ ਨਾਲ ਢਕਿਆ ਜਾ ਰਿਹਾ ਹੈ। ਪੁਲ ਦੇ ਨਾਲ ਬਣੀ ਸੜਕ ਵੀ ਧਸਣ ਲੱਗ ਪਈ ਹੈ, ਜਿਸ ਕਾਰਨ ਹਾਲਾਤ ਹੋਰ ਚਿੰਤਾਜਨਕ ਬਣ ਗਏ ਹਨ।

