ਮਮਦੋਟ : ਬਲਾਕ ਮਮਦੋਟ ਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ’ਚ ਲੇਪਟੋਸਪਾਇਰੋਸਿਸ ਬੈਕਟੀਰੀਆ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ 115 ਬੱਚਿਆਂ ਦੇ ਖੂਨ ਦੀ ਜਾਂਚ ਦੌਰਾਨ ਸ਼ਨੀਵਾਰ ਨੂੰ 19 ਬੱਚਿਆਂ ’ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਜਦਕਿ ਐਤਵਾਰ ਨੂੰ ਹੋਰ 4 ਬੱਚੇ ਇਸ ਬੀਮਾਰੀ ਨਾਲ ਸੰਕਰਮਿਤ ਪਾਏ ਗਏ। ਸਾਵਧਾਨੀ ਵਜੋਂ ਇਨ੍ਹਾਂ ਚਾਰਾਂ ਬੱਚਿਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਇਨਫੈਕਸ਼ਨ ਸੰਭਾਵਤ ਤੌਰ ’ਤੇ ਦੂਸ਼ਿਤ ਪਾਣੀ ਦੇ ਸੰਪਰਕ ਨਾਲ ਫੈਲਿਆ। ਵਿਭਾਗੀ ਟੀਮ ਵੱਲੋਂ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਪਿੰਡ ’ਚ ਵਿਸ਼ੇਸ਼ ਸਿਹਤ ਕੈਂਪ ਲਾਇਆ ਗਿਆ, ਜਿਸ ਦੌਰਾਨ 222 ਆਮ ਪਿੰਡ ਵਾਸੀਆਂ ਅਤੇ 24 ਗਰਭਵਤੀ ਮਹਿਲਾਵਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਤੋਂ ਇਲਾਵਾ 225 ਲੋਕਾਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਖਾ ਭੱਟੀ ਨੇ ਦੱਸਿਆ ਕਿ ਲੇਪਟੋਸਪਾਇਰੋਸਿਸ ਇਕ ਬੈਕਟੀਰੀਅਲ ਇਨਫੈਕਸ਼ਨ ਹੈ, ਜੋ ਆਮ ਤੌਰ ’ਤੇ ਚੂਹਿਆਂ ਦੇ ਮਲ-ਮੂਤਰ ਰਾਹੀਂ ਪਾਣੀ ’ਚ ਫੈਲਦਾ ਹੈ। ਦੂਸ਼ਿਤ ਪਾਣੀ ਪੀਣ ਜਾਂ ਉਸ ਦੇ ਸੰਪਰਕ ’ਚ ਆਉਣ ਨਾਲ ਇਹ ਬੀਮਾਰੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦੇ ਮੁੱਖ ਲੱਛਣਾਂ ’ਚ ਤੇਜ਼ ਬੁਖਾਰ, ਮਾਸਪੇਸ਼ੀਆਂ ’ਚ ਦਰਦ, ਸਿਰ ਦਰਦ, ਅੱਖਾਂ ’ਚ ਜਲਨ ਜਾਂ ਖਾਰਸ਼, ਪੇਸ਼ਾਬ ਕਰਨ ’ਚ ਦਿੱਕਤ, ਚਮੜੀ ’ਤੇ ਦਾਣੇ, ਉਲਟੀਆਂ ਅਤੇ ਦਸਤ ਸ਼ਾਮਲ ਹਨ। ਸਿਹਤ ਵਿਭਾਗ ਵੱਲੋਂ ਪਿੰਡ ਵਾਸੀਆਂ ਨੂੰ ਪਾਣੀ ਉਬਾਲ ਕੇ ਪੀਣ ਅਤੇ ਸਾਫ-ਸਫਾਈ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ।

