ਲਖੀਮਪੁਰ ਖੀਰੀ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ’ਚ ਵੀਰਵਾਰ ਨੂੰ ਇਕ ਟਰੈਕਟਰ-ਟਰਾਲੀ ਦੇ ਪਲਟ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 22 ਹੋਰ ਜ਼ਖ਼ਮੀ ਹੋ ਗਏ। ਇਸ ਹਾਦਸੇ ਦੀ ਸੂਚਨਾ ਮਿਲਣ ਨਾਲ ਘਟਨਾ ਵਾਲੀ ਥਾਂ ‘ਤੇ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਇਹ ਹਾਦਸਾ ਪੜੂਆ ਥਾਣਾ ਖੇਤਰ ਦੇ ਢਖੇਰਵਾ-ਗਜ਼ੀਆਪੁਰ ਮਾਰਗ ’ਤੇ ਵਾਪਰਿਆ ਹੈ।
ਇਸ ਸਬੰਧ ਵਿਚ ਪੜੂਆ ਥਾਣਾ ਮੁਖੀ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਸਾਰੇ ਪੀੜਤ ਸ਼ਾਰਦਾਨਗਰ ਥਾਣਾ ਖੇਤਰ ਦੇ ਸੋਹਰੀਆ ਪਿੰਡ ਦੇ ਨਿਵਾਸੀ ਸਨ ਅਤੇ ਗੁਆਂਢੀ ਜ਼ਿਲ੍ਹੇ ਬਹਿਰਾਈਚ ਦੇ ਕਾਰੀਕੋਟ ਮੰਦਰ ’ਚ ‘ਮੁੰਡਨ’ ਸਮਾਗਮ ’ਚ ਸ਼ਾਮਲ ਹੋਣ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਟਰੈਕਟਰ-ਟਰਾਲੀ ਦਾ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਨਾਲ ਵਾਹਨ ਸੜਕ ਕਿਨਾਰੇ ਪਲਟ ਗਿਆ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਨੈਂਸੀ (15), ਰਾਜ ਕੁਮਾਰੀ (35), ਮਖਾਨਾ (45), ਕੋਮਲ (12) ਅਤੇ ਪੰਛੀ (16) ਵਜੋਂ ਹੋਈ ਹੈ। ਪੁਲਸ ਅਨੁਸਾਰ ਜ਼ਖਮੀਆਂ ਨੂੰ ਇਲਾਜ ਲਈ ਰਮੀਆਬੇਹੜ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

