ਨਵੀਂ ਦਿੱਲੀਭਾਰਤ ਲੰਬੇ ਸਮੇਂ ਤੋਂ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦੀ ਹਮਲਿਆਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਆ ਰਿਹਾ ਹੈ ਪਰ ਪਾਕਿਸਤਾਨੀ ਅਧਿਕਾਰੀ ਲਗਾਤਾਰ ਇਸ ਤੋਂ ਇਨਕਾਰ ਕਰਦੇ ਆ ਰਹੇ ਹਨ। ਹੁਣ ਇਕ ਹੈਰਾਨੀਜਨਕ ਇਕਬਾਲੀਆ ਬਿਆਨ ਵਿਚ ਪਾਕਿਸਤਾਨੀ ਨੇਤਾ ਚੌਧਰੀ ਅਨਵਾਰੁਲ ਹੱਕ ਨੇ ਖੁੱਲ੍ਹ ਕੇ ਸਵੀਕਾਰ ਕੀਤਾ ਹੈ ਕਿ ਪਾਕਿਸਤਾਨ-ਆਧਾਰਤ ਅੱਤਵਾਦੀ ਸੰਗਠਨਾਂ ਨੇ ਹੀ ਭਾਰਤ ਵਿਚ ‘ਲਾਲ ਕਿਲ੍ਹੇ ਤੋਂ ਲੈ ਕੇ ਕਸ਼ਮੀਰ ਦੇ ਜੰਗਲਾਂ ਤੱਕ’ ਹਮਲੇ ਕੀਤੇ ਹਨ। ਹੱਕ ਪਾਕਿਸਤਾਨ ਦੇ ਕਬਜ਼ੇ ਹੇਠਲੇ ਜੰਮੂ-ਕਸ਼ਮੀਰ (ਪੀ. ਓ. ਕੇ.) ਦੇ ਸਾਬਕਾ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਸੋਮਵਾਰ ਨੂੰ ਬੇਭਰੋਸਗੀ ਮਤਾ ਹਾਸਲ ਨਾ ਕਰ ਸਕਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ (ਪੀ. ਓ. ਕੇ.) ਵਿਧਾਨ ਸਭਾ ਵਿਚ ਇਹ ਬਿਆਨ ਦਿੱਤਾ। ਹੱਕ ਦੇ ਇਕਬਾਲੀਆ ਬਿਆਨ ਵਿਚ ਲਾਲ ਕਿਲ੍ਹੇ ’ਤੇ ਹਮਲੇ ਦਾ ਜ਼ਿਕਰ ਇਸ ਗੱਲ ਦਾ ਸਬੂਤ ਹੈ ਕਿ 10 ਨਵੰਬਰ ਨੂੰ ਦਿੱਲੀ ਵਿਚ ਹੋਏ ਕਾਰ ਬੰਬ ਧਮਾਕੇ ਵਿਚ ਪਾਕਿਸਤਾਨੀ ਅੱਤਵਾਦੀ ਸ਼ਾਮਲ ਸਨ, ਜਿਸ ਵਿਚ 15 ਲੋਕ ਮਾਰੇ ਗਏ ਸਨ। ਇਸ ਹਮਲੇ ਦਾ ਮਾਸਟਰਮਾਈਂਡ ਡਾਕਟਰ ਉਮਰ ਉਨ ਨਬੀ ਹੈ, ਜੋ ਜੈਸ਼-ਏ-ਮੁਹੰਮਦ ਨਾਲ ਜੁੜੇ ਉਸ ‘ਵ੍ਹਾਈਟ-ਕਾਲਰ’ ਅੱਤਵਾਦੀ ਮਾਡਿਊਲ ਦਾ ਮੈਂਬਰ ਹੈ, ਜਿਸ ਦਾ ਹਮਲੇ ਤੋਂ ਕੁਝ ਦਿਨ ਪਹਿਲਾਂ ਫਰੀਦਾਬਾਦ ਵਿਚ ਪਰਦਾਫਾਸ਼ ਕੀਤਾ ਗਿਆ ਸੀ।

