ਲੁਧਿਆਣਾ/ਚੰਡੀਗੜ੍ਹ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਇਕ ਫਰਵਰੀ ਨੂੰ ਹਲਵਾਰਾ ਵਿਖੇ ਨਵੀਂ ਤਿਆਰ ਕੀਤੀ ਟਰਮੀਨਲ ਇਮਾਰਤ ਦਾ ਵਰਚੁਅਲ ਉਦਘਾਟਨ ਕਰ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਨੂੰ ਇਕ ਹੋਰ ਹਵਾਈ ਅੱਡਾ ਮਿਲ ਗਿਆ ਹੈ। ਇਸ ਤੋਂ ਬਾਅਦ ਹੁਣ ਲੁਧਿਆਣਾ ਦੇ ਉਦਯੋਗ ਜਗਤ ਨੂੰ ਹੁਲਾਰਾ ਮਿਲੇਗਾ ਅਤੇ ਵਿਦੇਸ਼ਾਂ ‘ਚ ਜਾਂ ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਹੋਰ ਰਾਜਾਂ ‘ਚ ਜਾਣ ਵਾਲੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।
ਦੱਸਿਆ ਜਾ ਰਿਹਾ ਹੈ ਕਿ ਉਦਘਾਟਨ ਦੇ ਇਕ ਮਹੀਨੇ ਬਾਅਦ ਇਸ ਹਵਾਈ ਅੱਡੇ ਤੋਂ ਉਡਾਣਾਂ ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਣਗੀਆਂ। ਦੱਸਣਯੋਗ ਹੈ ਕਿ ਲੁਧਿਆਣਾ ‘ਚ ਸਥਿਤ ਹਲਵਾਰਾ ‘ਚ ਭਾਰਤੀ ਹਵਾਈ ਫ਼ੌਜ ਦਾ ਇਕ ਰਣਨੀਤਕ ਰੂਪ ‘ਚ ਅਹਿਮ ਸਟੇਸ਼ਨ ਵੀ ਹੈ।
ਲੁਧਿਆਣਾ ‘ਚ ਪਹਿਲੇ ਹਵਾਈ ਅੱਡੇ ਦਾ ਰਨਵੇ ਮੁਕਾਬਲਤਨ ਛੋਟਾ ਸੀ, ਜੋ ਛੋਟੇ ਆਕਾਰ ਦੇ ਜਹਾਜ਼ਾਂ ਲਈ ਪ੍ਰਯੋਗ ਹੁੰਦਾ ਸੀ। ਵੱਡੇ ਜਹਾਜ਼ਾਂ ਦੇ ਉਤਾਰਨ ਲਈ ਹਲਵਾਰਾ ‘ਚ ਇਕ ਨਵਾਂ ਸਿਵਲ ਇਨਕਲੇਵ ਵਿਕਸਿਤ ਕੀਤਾ ਗਿਆ ਹੈ, ਜਿਸ ਦਾ ਰਨਵੇਅ ਲੰਬਾ ਹੈ।

