ਆਪਰੇਸ਼ਨ ਸਿੰਦੂਰ ਦੌਰਾਨ ਸ਼ਹੀਦ ਹੋਏ ਛੇ ਜਵਾਨਾਂ ਦੇ ਨਾਮ ਜਨਤਕ ਹੋਣ ਤੋਂ ਬਾਅਦ ਇਸ ਮਾਮਲੇ ‘ਤੇ ਸਿਆਸੀ ਵਿਵਾਦ ਛਿੜ ਗਿਆ ਹੈ। ਕਾਂਗਰਸ ਨੇ ਕੇਂਦਰ ਸਰਕਾਰ ‘ਤੇ ਸ਼ਹੀਦਾਂ ਬਾਰੇ ਜਾਣਕਾਰੀ ਜਨਤਕ ਕਰਨ ਵਿੱਚ ਦੇਰੀ ਕਰਨ ਦਾ ਦੋਸ਼ ਲਗਾਇਆ ਹੈ।
ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਕਿ ਸਰਕਾਰ ਨੇ ਲੰਬੇ ਸਮੇਂ ਤੱਕ ਇਨ੍ਹਾਂ ਜਵਾਨਾਂ ਦੀ ਸ਼ਹਾਦਤ ਨੂੰ ਜਨਤਕ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਉਹ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਸੰਸਦ ਵਿੱਚ ਦਿੱਤੇ ਇੱਕ ਪੁਰਾਣੇ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਹੋਏ ਸਵਾਲ ਉਠਾਇਆ ਕਿ ਜੇ ਛੇ ਜਵਾਨ ਸ਼ਹੀਦ ਹੋਏ ਸਨ ਤਾਂ ਉਸ ਵੇਲੇ ਇਹ ਜਾਣਕਾਰੀ ਸੰਸਦ ਵਿੱਚ ਕਿਉਂ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਾਂ ਤਾਂ ਰੱਖਿਆ ਮੰਤਰੀ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਜਾਂ ਫਿਰ ਸੰਸਦ ਨੂੰ ਗਲਤ ਜਾਣਕਾਰੀ ਦਿੱਤੀ ਗਈ, ਜੋ ਦੋਵੇਂ ਹੀ ਗੰਭੀਰ ਮਾਮਲੇ ਹਨ।
ਇਸ ਦੇ ਜਵਾਬ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੱਖਿਆ ਮੰਤਰੀ ਦੇ ਬਿਆਨ ਨੂੰ ਗਲਤ ਸੰਦਰਭ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਮੰਤਰਾਲੇ ਮੁਤਾਬਕ ਇਹ ਦਾਅਵਾ ਗਲਤ ਹੈ ਕਿ ਸ਼ਹੀਦਾਂ ਨੂੰ ਪਹਿਲੀ ਵਾਰ ਹੁਣ ਜਨਤਕ ਸਨਮਾਨ ਮਿਲਿਆ ਹੈ।
ਮੰਤਰਾਲੇ ਨੇ ਦੱਸਿਆ ਕਿ 11 ਮਈ 2025 ਦੀ ਅਧਿਕਾਰਿਕ ਪ੍ਰੈਸ ਕਾਨਫਰੰਸ ਦੌਰਾਨ ਉਸ ਸਮੇਂ ਦੇ ਡੀਜੀਐਮਓ ਨੇ ਛੇਵੇਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਸ ਤੋਂ ਇਲਾਵਾ 14 ਅਗਸਤ 2025 ਦੀ ਪ੍ਰੈਸ ਰਿਲੀਜ਼ ਵਿੱਚ ਉਨ੍ਹਾਂ ਨੂੰ ਬਹਾਦਰੀ ਪੁਰਸਕਾਰ ਦਿੱਤੇ ਜਾਣ ਦੀ ਜਾਣਕਾਰੀ ਵੀ ਜਨਤਕ ਕੀਤੀ ਗਈ ਸੀ।
ਰੱਖਿਆ ਮੰਤਰਾਲੇ ਅਨੁਸਾਰ ਭਾਰਤੀ ਫੌਜ ਦੇ ਅਧਿਕਾਰਿਕ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਸ਼ਹੀਦਾਂ ਨੂੰ ਤੁਰੰਤ ਸ਼ਰਧਾਂਜਲੀ ਦਿੱਤੀ ਗਈ ਸੀ। 8 ਅਕਤੂਬਰ 2025 ਨੂੰ ਹਵਾਈ ਫੌਜ ਮੁਖੀ ਨੇ ਇੱਕ ਸ਼ਹੀਦ ਸਾਰਜੈਂਟ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ, ਜਦਕਿ 15 ਜਨਵਰੀ 2026 ਨੂੰ ਫੌਜ ਦਿਵਸ ਪਰੇਡ ਦੌਰਾਨ ਫੌਜ ਮੁਖੀ ਨੇ ਤਿੰਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੈਨਾ ਮੈਡਲ (ਵੀਰਤਾ) ਭੇਟ ਕੀਤੇ।
ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਰਾਸ਼ਟਰੀ ਯੁੱਧ ਸਮਾਰਕ ‘ਤੇ ਸ਼ਹੀਦਾਂ ਦੇ ਨਾਮ ਦਰਜ ਕਰਨ ਦੀ ਇੱਕ ਨਿਰਧਾਰਤ ਪ੍ਰਕਿਰਿਆ ਹੁੰਦੀ ਹੈ ਅਤੇ ਉਸੇ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਨਾਲ ਹੀ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿੱਖਿਆ, ਸਿਹਤ ਅਤੇ ਹੋਰ ਸਾਰੀਆਂ ਨਿਰਧਾਰਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।

