ਚੰਡੀਗੜ੍ਹ : ਪੱਤਰ ਸੂਚਨਾ ਦਫ਼ਤਰ (ਪੀਆਈਬੀ), ਜੈਪੁਰ ਵੱਲੋਂ ਰਾਜਸਥਾਨ ਦੇ ਸੀਨੀਅਰ ਸੰਪਾਦਕਾਂ ਅਤੇ ਪੱਤਰਕਾਰਾਂ ਦਾ ਇੱਕ ਵਫ਼ਦ 18 ਤੋਂ 23 ਫਰਵਰੀ, 2026 ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਦੌਰੇ ‘ਤੇ ਹੈ। ਇਸ ਦੌਰੇ ਦਾ ਉਦੇਸ਼ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪ੍ਰਮੁੱਖ ਵਿਕਾਸ ਯੋਜਨਾਵਾਂ, ਨਵੀਨਤਾ ਪਹਿਲਕਦਮੀਆਂ ਅਤੇ ਵੱਖ-ਵੱਖ ਸੰਸਥਾਨਾਂ ਦੀਆਂ ਉੱਤਮ ਕਾਰਜ-ਪ੍ਰਣਾਲੀਆਂ ਨੂੰ ਅੱਖੀਂ ਦੇਖਣਾ ਹੈ। ਚੰਡੀਗੜ੍ਹ ਦੌਰੇ ਦੌਰਾਨ ਪੱਤਰਕਾਰ ਵਫ਼ਦ ਸਿਹਤ, ਸਿੱਖਿਆ, ਵਿਗਿਆਨ, ਤਕਨਾਲੋਜੀ, ਹੁਨਰ ਵਿਕਾਸ ਅਤੇ ਉਦਯੋਗਿਕ ਨਵਾਚਾਰ ਨਾਲ ਜੁੜੇ ਮਾਣਮੱਤੇ ਰਾਸ਼ਟਰੀ ਸੰਸਥਾਨਾਂ ਦਾ ਦੌਰਾ ਕਰੇਗਾ। ਇਹ ਵਫ਼ਦ ਪੋਸਟਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ) ਚੰਡੀਗੜ੍ਹ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਅਧੀਨ ਉਪਲਬਧ ਸਿਹਤ ਸਹੂਲਤਾਂ ਅਤੇ ਉੱਨਤ ਚਿਕਿਤਸਾ ਸੇਵਾਵਾਂ, ਸਿੱਖਿਆ ਅਤੇ ਤਕਨਾਲੋਜੀ ਸੰਸਥਾਨਾਂ ਤੋਂ ਇਲਾਵਾ ਭਾਰਤੀ ਰੇਲਵੇ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਦੌਰਾ ਕਰੇਗਾ। ਇਸ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।
ਪੱਤਰ ਸੂਚਨਾ ਦਫ਼ਤਰ ਦੇ ਪੱਤਰਕਾਰ ਵਫ਼ਦ ਨੇ ਅੱਜ ਰਾਸ਼ਟਰੀ ਫੈਸ਼ਨ ਤਕਨਾਲੋਜੀ ਸੰਸਥਾਨ, ਪੰਚਕੂਲਾ ਦਾ ਦੌਰਾ ਕੀਤਾ। ਇਸ ਮੌਕੇ ‘ਤੇ ਸੰਸਥਾਨ ਦੇ ਨਿਦੇਸ਼ਕ ਪ੍ਰੋ. (ਡਾ.) ਅਮਨਦੀਪ ਸਿੰਘ ਗਰੋਵਰ ਨੇ ਸੰਸਥਾਨ ਦੇ ਵਿਜ਼ਨ, ਸਿੱਖਿਆ ਢਾਂਚੇ ਅਤੇ ਰਾਸ਼ਟਰੀ ਪੱਧਰ ‘ਤੇ ਇਸਦੇ ਮਾਣ-ਸਨਮਾਨ ਬਾਰੇ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਡਾ. ਨਿਕਿਤਾ ਨੇ ਵਿਸਥਾਰਤ ਪੇਸ਼ਕਾਰੀ ਰਾਹੀਂ ਨਿਫਟ ਦੇ ਵੱਖ-ਵੱਖ ਪਾਠਕ੍ਰਮਾਂ, ਰਾਸ਼ਟਰੀ ਦਰਜਾਬੰਦੀ, ਵਿਦਿਆਰਥੀ ਤਜਰਬਿਆਂ ਅਤੇ ਗਰੈਜੂਏਟ, ਪੋਸਟ ਗਰੈਜੂਏਟ ਅਤੇ ਡਾਕਟਰੇਟ ਪੱਧਰ ਦੇ ਸਿੱਖਿਆ ਢਾਂਚੇ ਬਾਰੇ ਜਾਣਕਾਰੀ ਦਿੱਤੀ। ਪੱਤਰਕਾਰਾਂ ਦੇ ਵਫ਼ਦ ਨੂੰ ਸੰਸਥਾਨ ਦੀਆਂ ਮਜ਼ਬੂਤ ਵਜ਼ੀਫਾ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ, ਜਿਨ੍ਹਾਂ ਵਿੱਚ ਪ੍ਰਮੁੱਖ ਹਨ, ਨਿਫਟ ਸਾਰਥਕ: ₹17 ਕਰੋੜ ਦੇ ਫੰਡ ‘ਤੇ ਆਧਾਰਿਤ ਮੈਰੀਟੋਰੀਅਸ ਸਕਾਲਰਸ਼ਿਪ ਸਕੀਮ। ਉਡਾਨ (UDAAN): ₹1 ਕਰੋੜ ਦੀ ਸਕਾਲਰਸ਼ਿਪ ਯੋਜਨਾ, ਜੋ ਅੰਤਰਰਾਸ਼ਟਰੀ ਐਕਸਚੇਂਜ ਪ੍ਰੋਗਰਾਮਾਂ ਵਿੱਚ ਭਾਗ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਸਹਿਯੋਗ ਪ੍ਰਦਾਨ ਕਰਦੀ ਹੈ।

