ਨਵੀਂ ਦਿੱਲੀ/ਪਟਿਆਲਾ : ਪੰਜਾਬ ‘ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਸੂਬੇ ‘ਚ ਆਈ ਭਿਆਨਕ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਬੇਘਰ ਹੋਏ ਲੋਕਾਂ, ਕਿਸਾਨਾਂ ਨਾਲ ਡਾਇਰੈਕਟ ਰਾਬਤਾ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨਗੇ ਅਤੇ ਕੇਂਦਰੀ ਮਦਦ ਦੇ ਭਰੋਸਾ ਦਿੰਦੇ ਹੋਏ ਰਾਹਤ ਅਤੇ ਪੁਨਰਵਾਸ ਕਾਰਜਾਂ ਨੂੰ ਤੇਜ਼ ਕਰਨ ਬਾਰੇ ਨਿਰਦੇਸ਼ ਦੇਣਗੇ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ 9 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਹਵਾਈ ਜਹਾਜ਼ ਰਾਹੀਂ ਪੰਜਾਬ ਦੇ ਪਠਾਨਕੋਟ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਵੱਲੋਂ ਪਠਾਨਕੋਟ ਵਿਚ ਹੀ ਸੂਬੇ ਦੇ ਉੱਚ ਅਧਿਕਾਰੀਆਂ ਨਾਲ ਰਾਹਤ ਕਾਰਜਾਂ ਦੀ ਸਮੀਖਿਆ ਮੀਟਿੰਗ ਕੀਤੀ ਜਾਵੇਗੀ ।
ਦੱਸ ਦੇਈਏ ਕਿ ਹੜ੍ਹ ਸੰਕਟ ਦੇ ਪੂਰੇ ਜਾਇਜ਼ੇ ਲਈ ਦੋ ਕੇਂਦਰੀ ਟੀਮਾਂ ਪਹਿਲਾਂ ਹੀ ਪੰਜਾਬ ਭੇਜੀਆਂ ਗਈਆਂ ਹਨ,ਉਹ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਣਗੀਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਹੜ੍ਹ ਪੀੜਤ ਖੇਤਰਾਂ ਦੇ ਨਦੀ ਕੰਢਿਆਂ ਤੇ ਹੋ ਰਹੀ ਗ਼ੈਰਕਾਨੂੰਨੀ ਰੇਤ ਮਾਈਨਿੰਗ ਅਤੇ ਨਦੀ ਪੱਟੜੀਆਂ ਦੀ ਹਾਲਤ ਵੀ ਚੈੱਕ ਕਰਨਗੇ, ਜਿਨ੍ਹਾਂ ਕਰਕੇ ਹੜ੍ਹਾਂ ਤੋਂ ਨੁਕਸਾਨ ਵਧਿਆ ਹੈ।
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਹੜ੍ਹਾਂ ਦੇ ਹਾਲਾਤ ਨੂੰ ਲੈ ਕੇ ਕਾਫੀ ਚਿੰਤਤ ਹਨ ਅਤੇ ਇਸ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਪ੍ਰਧਾਨ ਮੰਤਰੀ ਨੇ ਹੜ੍ਹਾਂ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰੀ ਕੇਂਦਰੀ ਮਦਦ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਵਲੋਂ 60,000 ਕਰੋੜ ਰੁਪਏ ਦੀ ਪੈਂਡਿੰਗ ਕੇਂਦਰੀ ਲੋੜਾਂ ਰਿਲੀਜ਼ ਕਰਨ ਅਤੇ ਰਾਹਤ ਨਿਯਮਾਂ ਵਿਚ ਤਬਦੀਲੀ ਦੀ ਮੰਗ ਕੀਤੀ ਗਈ ਹੈ। ਮੋਦੀ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਵਲੋਂ ਹਰੇਕ ਸੰਭਵ ਰਾਹਤ ਅਤੇ ਅਦਾਇਗੀ ਲਈ ਤੇਜ਼ੀ ਨਾਲ ਕਾਰਵਾਈ ਹੋਵੇਗੀ।