ਬਰੈਂਪਟਨ : ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਸਥਿਤ ਬਰੈਂਪਟਨ ਵਿੱਚ ਇੱਕ ਸਨਸਨੀਖੇਜ਼ ਅਗਵਾ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਸ ਨੇ 2 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ‘ਤੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਉਸ ਨੂੰ ਛੱਡਣ ਦੇ ਬਦਲੇ 2 ਲੱਖ ਅਮਰੀਕੀ ਡਾਲਰ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਪੁਲਸ ਮੁਤਾਬਕ ਇਹ ਘਟਨਾ 6 ਨਵੰਬਰ 2025 ਦੀ ਸ਼ਾਮ ਨੂੰ ਵਾਪਰੀ ਸੀ, ਜਦੋਂ ਇੱਕ ਵਿਅਕਤੀ ਨੇ ਆਪਣੇ ਦੋਸਤ ਦੇ ਅਗਵਾ ਹੋਣ ਬਾਰੇ ਸੂਚਨਾ ਦਿੱਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਪੀੜਤ ਨੂੰ ਛੱਡਣ ਲਈ ਵੱਡੀ ਰਕਮ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ।
ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਲੋਕੇਸ਼ਨ ਟ੍ਰੇਸ ਕੀਤੀ ਅਤੇ ਪੀੜਤ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਗ੍ਰਿਫ਼ਤਾਰੀ ਦੌਰਾਨ ਮੌਕੇ ਤੋਂ ਇੱਕ 0.45 ਕੈਲੀਬਰ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ। ਇਸ ਤੋਂ ਬਾਅਦ 13 ਫਰਵਰੀ 2026 ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਸ ਨੂੰ ਇੱਕ ਲੋਡਿਡ ਮੈਗਜ਼ੀਨ ਅਤੇ ਇੱਕ ਰਾਈਫਲ ਮੈਗਜ਼ੀਨ ਵੀ ਮਿਲੀ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਜਿਨ੍ਹਾਂ ਵਿੱਚੋਂ ਹਰਕੀਰਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਹਸਨਪ੍ਰੀਤ ਸਿੰਘ ਦੀ ਅਜੇ ਪੁਲਸ ਭਾਲ ਕਰ ਰਹੀ ਹੈ। ਪੁਲਸ ਨੇ ਉਸ ਦੇ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।

