ਜਲੰਧਰ (ਸੋਨੂੰ, ਮਹੇਸ਼)- ਪੁਲਸ ਸਟੇਸ਼ਨ ਰਾਮਾ ਮੰਡੀ ਦੇ ਅਧਿਕਾਰ ਖੇਤਰ ਵਿਚ ਆਉਂਦੇ ਇਕ ਹੋਟਲ ਵਿਚ ਇਕ ਨੌਜਵਾਨ ਨੇ ਰੈੱਡ ਬੁੱਲ ‘ਚ ਕੋਈ ਨਸ਼ੀਲੀ ਚੀਜ਼ ਮਿਲਾ ਕੇ 24 ਸਾਲਾ ਲੜਕੀ ਨੂੰ ਪਿਆਉਣ ਤੋਂ ਬਾਅਦ ਉਸ ਨਾਲ ਸਰੀਰਕ ਸੰਬੰਧ ਬਣਾਏ। ਇਸ ਸਬੰਧ ਵਿਚ ਰਾਮਾ ਮੰਡੀ ਪੁਲਸ ਨੇ ਅਮਨਦੀਪ ਸਿੰਘ ਲਾਲੀ ਨਾਮਕ ਨੌਜਵਾਨ ਵਿਰੁੱਧ 69 ਬੀ. ਐੱਨ. ਐੱਸ. ਦੇ ਤਹਿਤ ਐੱਫ਼. ਆਈ. ਆਰ. ਨੰਬਰ 309 ਦਰਜ ਕੀਤੀ ਹੈ ਪਰ ਮੁਲਜ਼ਮ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ।ਇਸ ਮਾਮਲੇ ਵਿਚ ਦਕੋਹਾ ਪੁਲਸ ਸਟੇਸ਼ਨ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਵਿਪਿਨ ਕੁਮਾਰ ਨੂੰ ਪੀੜਤ ਲੜਕੀ ਵੱਲੋਂ ਦਿੱਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਥਾਣਾ ਨੂਰਮਹਿਲ ਤਹਿਸੀਲ ਫਿਲੌਰ ਦੇ ਅਧਿਕਾਰਤ ਖੇਤਰ ’ਚ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਵੱਖ-ਵੱਖ ਪ੍ਰੋਗਰਾਮਾਂ ਲਈ ਮੇਜ਼ਬਾਨ ਦਾ ਕੰਮ ਕਰਦੀ ਹੈ। ਅਮਨਦੀਪ ਸਿੰਘ ਲਾਲੀ ਨਾਲ ਉਸ ਦੀ ਮੁਲਾਕਾਤ 4 ਮਹੀਨੇ ਪਹਿਲਾਂ ਹੋਈ ਸੀ। ਉਹ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਜਲੰਧਰ ਵਿਚ ਮਿਲੇ ਸਨ। 25 ਅਕਤੂਬਰ ਨੂੰ ਰਾਤ 10 ਵਜੇ ਦੇ ਕਰੀਬ ਅਮਨਦੀਪ ਸਿੰਘ ਲਾਲੀ ਨੇ ਉਸ ਨੂੰ ਆਪਣੇ ਮੋਬਾਇਲ ਨੰਬਰ ਤੋਂ ਫ਼ੋਨ ਕੀਤਾ ਅਤੇ ਕਿਹਾ ਕਿ ਅਸੀਂ ਅੱਜ ਮਿਲਣਾ ਹੈ। ਸਵੇਰੇ ਅਸੀਂ ਵਿਆਹ ਕਰਵਾਉਣ ਹੈ। ਇਸ ਲਈ ਉਹ ਉਸ ਨਾਲ ਰਾਤ ਹੋਟਲ ਵਿਚ ਹੀ ਰੁਕ ਜਾਵੇ।

