ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਦੇ ਸਿਹਤ ਸੁਧਾਰ ਪ੍ਰੋਗਰਾਮ ਲਈ ਬੈਂਗਲੁਰੂ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਇੱਕ ਨਿੱਜੀ ਕੁਦਰਤੀ ਇਲਾਜ ਕੇਂਦਰ ਵਿੱਚ ਰਹਿ ਕੇ ਕੁਦਰਤੀ ਥੈਰੇਪੀ, ਯੋਗ, ਧਿਆਨ ਅਤੇ ਵਿਸ਼ੇਸ਼ ਖੁਰਾਕ ਰਾਹੀਂ ਆਪਣੀ ਸਿਹਤ ਵਿੱਚ ਸੁਧਾਰ ਲਿਆਉਣਗੇ।
ਸਰਕਾਰੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਦੀ ਗੈਰਹਾਜ਼ਰੀ ਦੌਰਾਨ ਵੀ ਸਰਕਾਰ ਦਾ ਰੋਜ਼ਾਨਾ ਕੰਮਕਾਜ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ। ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਸਿਆਸੀ ਅਤੇ ਸਰਕਾਰੀ ਰੁਝੇਵਿਆਂ ਕਾਰਨ ਉਨ੍ਹਾਂ ਨੂੰ ਥਕਾਵਟ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਡਾਕਟਰਾਂ ਦੀ ਸਲਾਹ ‘ਤੇ ਇਹ ਇੱਕ ਹਫ਼ਤੇ ਦਾ ਸਿਹਤ ਪ੍ਰੋਗਰਾਮ ਤੈਅ ਕੀਤਾ ਗਿਆ ਹੈ।
ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਵਿੱਚ ਅੱਜ ਅਹਿਮ ਦਿਨ ਹੈ। ਡੀਆਈਜੀ ਹਰਜੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਦੋਵੇਂ ਮਾਮਲਿਆਂ ਨਾਲ ਸੰਬੰਧਤ ਘਟਨਾ ਸਥਲਾਂ ਦਾ ਦੌਰਾ ਕਰੇਗੀ।
ਤਹਿ ਪ੍ਰੋਗਰਾਮ ਅਨੁਸਾਰ ਟੀਮ ਦੁਪਹਿਰ 1 ਵਜੇ ਬੁਰਜ ਜਵਾਹਰ ਸਿੰਘ ਵਾਲਾ, 1:45 ਵਜੇ ਬਰਗਾੜੀ ਅਤੇ ਕਰੀਬ 2:30 ਵਜੇ ਬਹਿਬਲ ਕਲਾਂ ਪਹੁੰਚੇਗੀ। ਇਸ ਤੋਂ ਬਾਅਦ ਸ਼ਾਮ 4 ਵਜੇ ਬਾਜਾਖਾਨਾ ਥਾਣੇ ਦੀ ਪੁਲਿਸ ਚੌਕੀ ਵਿੱਚ ਰਿਕਾਰਡ ਅਤੇ ਕੇਸ ਪ੍ਰਾਪਰਟੀ ਦੀ ਜਾਂਚ ਵੀ ਕੀਤੀ ਜਾਵੇਗੀ।
ਗਿਆਨੀ ਰਘਬੀਰ ਸਿੰਘ ਦੇ ਬਿਆਨ ਤੋਂ ਬਾਅਦ SIT ਨੇ ਜਾਂਚ ਵਿੱਚ ਤੇਜ਼ੀ ਲਿਆਂਦੀ ਹੈ। ਟੀਮ ਪਹਿਲਾਂ ਹੀ ਵਿਜੈ ਸਾਂਪਲਾ, ਗਗਨਦੀਪ ਸਿੰਘ ਬਰਾੜ ਅਤੇ ਮਾਲਵਿੰਦਰ ਸਿੰਘ ਜੱਗੀ ਤੋਂ ਪੁੱਛਗਿੱਛ ਕਰ ਚੁੱਕੀ ਹੈ। ਹੁਣ ਘਟਨਾ ਸਥਲਾਂ ਦੇ ਮੁਆਇਨੇ ਅਤੇ ਰਿਕਾਰਡ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਦੀ ਦਿਸ਼ਾ ਤੈਅ ਹੋਵੇਗੀ।

