ਖੰਨਾ : ਖੰਨਾ ਪੁਲਸ ਨੇ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਚਾਈਨਾ ਡੋਰ ਵਿਰੁੱਧ ਬਸੰਤ ਪੰਚਮੀ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਇੱਕ ਵਿਸ਼ੇਸ਼ ਅਤੇ ਸਖ਼ਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਖੰਨਾ ਪੁਲਿਸ ਨੂੰ ਪਹਿਲੀ ਵੱਡੀ ਕਾਮਯਾਬੀ ਹਾਸਲ ਹੋਈ ਹੈ, ਜਿਸ ਨਾਲ ਗੈਰ-ਕਾਨੂੰਨੀ ਤੌਰ ’ਤੇ ਚਾਈਨਾ ਡੋਰ ਵੇਚਣ ਵਾਲਿਆਂ ਵਿੱਚ ਹੜਕੰਪ ਮਚ ਗਿਆ ਹੈ।
ਇਹ ਕਾਰਵਾਈ ਐਸਐਸਪੀ ਡਾ. ਜੋਤੀ ਯਾਦਵ ਬੈਂਸ (ਆਈਪੀਐਸ) ਦੇ ਸਪੱਸ਼ਟ ਅਤੇ ਸਖ਼ਤ ਨਿਰਦੇਸ਼ਾਂ ’ਤੇ ਕੀਤੀ ਗਈ। ਇਸ ਸਬੰਧੀ ਜਾਣਕਾਰੀ ਡੀਐਸਪੀ ਵਿਨੋਦ ਕੁਮਾਰ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਐਸਐਸਪੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਭਰ ਵਿੱਚ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਹਾਦਸਾ ਨਾ ਵਾਪਰੇ। ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਇਸੇ ਮੁਹਿੰਮ ਦੇ ਤਹਿਤ ਸਦਰ ਪੁਲਿਸ ਸਟੇਸ਼ਨ, ਖੰਨਾ ਦੀ ਟੀਮ ਨੇ ਖਾਸ ਸੂਚਨਾ ਦੇ ਆਧਾਰ ’ਤੇ ਮਾਜਰੀ ਸੰਦੀਪ ਕਲੋਨੀ ਖੇਤਰ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਪਛਾਣ ਰਾਜੇਸ਼ ਕੁਮਾਰ, ਵਸਨੀਕ ਸੰਦੀਪ ਕਲੋਨੀ ਮਾਜਰੀ ਵਜੋਂ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਕਾਫ਼ੀ ਸਮੇਂ ਤੋਂ ਗੈਰ-ਕਾਨੂੰਨੀ ਤੌਰ ’ਤੇ ਚਾਈਨਾ ਡੋਰ ਵੇਚਣ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਅਤੇ ਬਸੰਤ ਪੰਚਮੀ ਤੋਂ ਪਹਿਲਾਂ ਵੱਡੀ ਮਾਤਰਾ ਵਿੱਚ ਡੋਰ ਵੇਚਣ ਦੀ ਤਿਆਰੀ ਕਰ ਰਿਹਾ ਸੀ। ਸਦਰ ਥਾਣਾ ਦੇ ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਏਐਸਆਈ ਅਮਰਜੀਤ ਸਿੰਘ ਨੂੰ ਇੱਕ ਭਰੋਸੇਯੋਗ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਰਾਜੇਸ਼ ਕੁਮਾਰ ਮਾਜਰੀ ਸੰਦੀਪ ਕਲੋਨੀ ਦੇ ਖਾਲੀ ਪਲਾਟਾਂ ਵਿੱਚ ਪਲਾਸਟਿਕ ਦੇ ਥੈਲਿਆਂ ਅੰਦਰ ਵੱਡੀ ਮਾਤਰਾ ਵਿੱਚ ਚਾਈਨਾ ਡੋਰ ਲੁਕਾ ਕੇ ਰੱਖੀ ਹੋਈ ਹੈ ਅਤੇ ਉਥੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਮੁਲਜ਼ਮ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

