ਬਮਿਆਲ : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਹਲਕਾ ਭੋਆ ‘ਚ ਵਿਕਾਸ ਦੀ ਰਫ਼ਤਾਰ ਨੂੰ ਨਵੀਂ ਦਿਸ਼ਾ ਦੇ ਰਹੀ ਹੈ, ਖ਼ਾਸ ਕਰਕੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਹਲਕੇ ਵਿੱਚ ਵੈਟਰਨਰੀ ਹਸਪਤਾਲਾਂ ਅਤੇ ਸਿਵਲ ਡਿਸਪੈਂਸਰੀਆਂ ਦੇ ਵਿਕਾਸ ਕਾਰਜਾਂ ਲਈ ਕੁੱਲ 59 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਿਸ ਨਾਲ ਪਸ਼ੂ ਸਿਹਤ ਸੇਵਾਵਾਂ ਦੀ ਪੂਰੀ ਨੁਹਾਰ ਬਦਲਣ ਜਾ ਰਹੀ ਹੈ। ਸਰਕਾਰ ਨੇ ਰਾਜਪਰੂਰਾ ਪਿੰਡ ਦੀ ਸਿਵਲ ਵੈਟਰਨਰੀ ਡਿਸਪੈਂਸਰੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਭਗ 17 ਲੱਖ ਰੁਪਏ ਜਾਰੀ ਕੀਤੇ ਹਨ।
ਇਹ ਰਾਸ਼ੀ ਡਿਸਪੈਂਸਰੀ ਦੀ ਇਮਾਰਤ ਦੇ ਸੁਧਾਰ, ਉਪਕਰਨਾਂ ਦੀ ਉਪਲੱਬਧਤਾ, ਦਵਾਈਆਂ ਅਤੇ ਪਸ਼ੂ ਇਲਾਜ ਸਹੂਲਤਾਂ ਨੂੰ ਬਿਹਤਰ ਬਣਾਉਣ ‘ਤੇ ਖ਼ਰਚ ਕੀਤੀ ਜਾਵੇਗੀ। ਲੰਬੇ ਸਮੇਂ ਤੋਂ ਪਿੰਡ ਵਾਸੀਆਂ ਅਤੇ ਕਿਸਾਨਾਂ ਵੱਲੋਂ ਉਠਾਈ ਜਾ ਰਹੀ ਮੰਗ ਹੁਣ ਪੰਜਾਬ ਸਰਕਾਰ ਵੱਲੋਂ ਪੂਰੀ ਕੀਤੀ ਜਾ ਰਹੀ ਹੈ, ਜਿਸ ਨਾਲ ਹਜ਼ਾਰਾਂ ਪਸ਼ੂ ਪਾਲਕਾਂ ਨੂੰ ਲਾਭ ਹੋਵੇਗਾ। ਇਸੇ ਤਰ੍ਹਾਂ ਤਾਰਾਗੜ੍ਹ ਪਿੰਡ ‘ਚ ਸਿਵਲ ਵੈਟਰਨਰੀ ਹਸਪਤਾਲ ਦੇ ਵਿਕਾਸ ਲਈ ਕਰੀਬ 42 ਲੱਖ ਰੁਪਏ ਦੀ ਵੱਡੀ ਸੌਗਾਤ ਦਿੱਤੀ ਗਈ ਹੈ। ਇਸ ਰਾਸ਼ੀ ਨਾਲ ਹਸਪਤਾਲ ਦਾ ਢਾਂਚਾ, ਆਧੁਨਿਕ ਉਪਕਰਨ, ਲੈਬ ਸਹੂਲਤਾਂ, ਸਾਫ਼-ਸਫ਼ਾਈ ਅਤੇ ਇਲਾਜ ਪ੍ਰਬੰਧਾਂ ਨੂੰ ਨਵੀਂ ਮਜ਼ਬੂਤੀ ਮਿਲੇਗੀ। ਪੇਂਡੂ ਖੇਤਰਾਂ ਲਈ ਇਹ ਨਿਵੇਸ਼ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਪਸ਼ੂ ਪਾਲਣ ਪੰਜਾਬ ਦੀ ਪੇਂਡੂ ਆਰਥਿਕਤਾ ਦਾ ਮੁੱਖ ਆਧਾਰ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਉਦੇਸ਼ ਸਿਰਫ਼ ਸ਼ਹਿਰਾਂ ਵਿੱਚ ਹੀ ਨਹੀਂ, ਸਗੋਂ ਪਿੰਡਾਂ ਵਿੱਚ ਵੀ ਵਿਕਾਸ ਦੀ ਰੌਸ਼ਨੀ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਸੂਬੇ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਲਈ ਪਸ਼ੂ ਸਿਹਤ ਸੇਵਾਵਾਂ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਸਾਡੀ ਸਰਕਾਰ ਹਰ ਪਿੰਡ ਤੱਕ ਅਜਿਹੀਆਂ ਸਹੂਲਤਾਂ ਪਹੁੰਚਾਉਣ ਲਈ ਦ੍ਰਿੜ ਸੰਕਲਪ ਹੈ, ਤਾਂ ਜੋ ਕਿਸਾਨ ਅਤੇ ਪਸ਼ੂ ਪਾਲਕ ਬਿਨਾਂ ਕਿਸੇ ਪਰੇਸ਼ਾਨੀ ਦੇ ਆਧੁਨਿਕ ਸੇਵਾਵਾਂ ਦਾ ਲਾਭ ਲੈ ਸਕਣ।’

