ਗੜ੍ਹਵਾ- ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ‘ਚ ਵਿਦਿਆਰਥੀਆਂ ਨਾਲ ਇਕ ‘ਅਸ਼ਲੀਲ’ ਗੀਤ ‘ਤੇ ਨੱਚਣ ਦੇ ਦੋਸ਼ ‘ਚ ਇਕ ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ 2 ਸਹਾਇਕ ਅਧਿਆਪਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਪ੍ਰਿੰਸੀਪਲ ਅਤੇ 2 ਸਹਾਇਕ ਅਧਿਆਪਕ ਵਿਦਾਈ ਸਮਾਰੋਹ ਦੌਰਾਨ 8ਵੀਂ ਦੇ ਵਿਦਿਆਰਥੀ-ਵਿਦਿਆਰਥਣਾਂ ਨਾਲ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਇਹ ਕਾਰਵਾਈ ਕੀਤੀ ਗਈ।
ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਮੇਰਾਲ ਬਲਾਕ ਦੇ ਸੋਹਬਰੀਆ ਸਥਿਤ ਇਕ ਸਕੂਲ ‘ਚ ਇਕ ਮਾਰਚ ਨੂੰ ਹੋਈ ਸੀ। ਗੜ੍ਹਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਡੀਓ ਦਾ ਨੋਟਿਸ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਕੈਸਰ ਰਜਾ ਨੇ ਕਿਹਾ,”ਸ਼ੁਰੂਆਤੀ ਜਾਂਚ ‘ਚ ਇਹ ਦੋਸ਼ ਗੰਭੀਰ ਪਾਏ ਗਏ। ਇਸ ਦੇ ਆਧਾਰ ‘ਤੇ, ਸਕੂਲ ਦੇ ਇੰਚਾਰਜ ਪ੍ਰਿੰਸੀਪਲ ਕੁੰਦਰ ਕੁਮਾਰ ਰੰਜਨ ਨੂੰ ਝਾਰਖੰਡ ਸਰਕਾਰੀ ਸੇਵਾ ਨਿਯਮ 2016 ਦੇ ਅਧੀਨ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।” ਇਸ ਮਾਮਲੇ ‘ਚ ਸਹਾਇਕ ਅਧਿਆਪਕਾਂ ਪੁਰਸ਼ੋਤਮ ਪੰਡਤ ਅਤੇ ਸੁਬੇਸ਼ਵਰ ਰਾਮ ਦੇ ਆਚਰਣ ਨੂੰ ਵੀ ਅਣਉੱਚਿਤ ਪਾਇਆ ਗਿਆ ਹੈ। ਬਿਆਨ ਅਨੁਸਾਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਝਾਰਖੰਡ ਸਹਾਇਕ ਅਧਿਆਪਕ ਸੇਵਾ ਸ਼ਰਤ ਨਿਯਮ, 2021 ਦੇ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇ।

