ਫਤਿਹਗੜ੍ਹ ਸਾਹਿਬ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਲਾਇੰਗ ਟੀਮ ਵੱਲੋਂ ਖੰਨਾ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਕੋਟਾ ਵਿਖੇ ਵੱਡੀ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਅਕਾਊਂਟੈਂਟ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਲਸ਼ਕਰੀ ਕੋਟਾਂ ਵਿਖੇ ਚੱਲ ਰਹੀ ਕਾਰ ਸੇਵਾ ਦੌਰਾਨ ਉੱਠੇ ਵੱਡੇ ਵਿਵਾਦ ਨੇ ਆਖ਼ਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਰਵਾਈ ਕਰਨ ਲਈ ਮਜ਼ਬੂਰ ਕਰ ਦਿੱਤਾ। ਕੁੱਝ ਦਿਨ ਪਹਿਲਾਂ ਇਕ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ‘ਚ ਗੁਰਦੁਆਰਾ ਸਾਹਿਬ ਦੇ ਟਰੈਕਟਰ ਰਾਹੀਂ ਕਰੀਬ 400 ਥੈਲੇ ਸੀਮਿੰਟ ਸ਼੍ਰੋਮਣੀ ਕਮੇਟੀ ਦੇ ਇੱਕ ਨੁਮਾਇੰਦੇ ਦੇ ਘਰ ਪਹੁੰਚਦੇ ਦਿਖਾਈ ਦਿੱਤੇ। ਇਸ ਵੀਡਿਓ ਨੇ ਨਾ ਸਿਰਫ ਸਿੱਖ ਜਨਤਾ ਵਿਚ ਰੋਸ ਪੈਦਾ ਕੀਤਾ ਸਗੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਸਾਖ ਨੂੰ ਵੀ ਝਟਕਾ ਲਾਇਆ।
ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਅੱਗੇ ਰੱਖਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਸ਼ਿਕਾਇਤ ਦੇ ਆਧਾਰ ‘ਤੇ ਸ਼੍ਰੋਮਣੀ ਕਮੇਟੀ ਨੇ ਜਾਂਚ ਬਿਠਾਈ ਅਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਮੈਨੇਜਰ ਗੁਰਚਰਨ ਸਿੰਘ ਸੇਮ ਅਤੇ ਅਕਾਊਂਟੈਂਟ ਕੇਵਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਹਾਂ ਨੂੰ ਹੁਣ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਹੈਡਕੁਆਟਰ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਕਾਰ ਸੇਵਾ ਦੇ ਮੁਖੀ ਜਥੇਦਾਰ ਬਾਬਾ ਗੁਰਮੇਲ ਸਿੰਘ ਦੀਆਂ ਸੇਵਾਵਾਂ ਵੀ ਸਮਾਪਤ ਕਰ ਦਿੱਤੀਆਂ ਗਈਆਂ ਹਨ।

