ਨੈਸ਼ਨਲ : ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਤੋਂ ਇਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤੀ ਨੇ ਆਪਣੀ ਹੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਉਕਤ ਔਰਤ ਵਾਰ-ਵਾਰ ਆਪਣੇ ਪ੍ਰੇਮੀ ਦੇ ਘਰ ਭੱਜ ਜਾਂਦੀ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਆਖਰਕਾਰ ਇਹ ਕਦਮ ਚੁੱਕਿਆ।
ਫੇਸਬੁੱਕ ‘ਤੇ ਹੋਇਆ ਸੀ ਪਿਆਰ
ਮੁਜ਼ੱਫਰਨਗਰ ਦੀ ਰਹਿਣ ਵਾਲੀ 23 ਸਾਲਾ ਸੋਨੀ ਦਾ ਵਿਆਹ ਤਿੰਨ ਸਾਲ ਪਹਿਲਾਂ ਸਹਾਰਨਪੁਰ ਦੇ ਪੀਰੂ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਕਰੀਬ ਇੱਕ ਸਾਲ ਪਹਿਲਾਂ ਸੋਨੀ ਦੀ ਫੇਸਬੁੱਕ ਰਾਹੀਂ ਬਾਗਪਤ ਦੇ 21 ਸਾਲਾ ਹਰੀਸ਼ ਨਾਲ ਦੋਸਤੀ ਹੋਈ, ਜੋ ਹੌਲੀ-ਹੌਲੀ ਪ੍ਰੇਮ ਸਬੰਧਾਂ ਵਿੱਚ ਬਦਲ ਗਈ। ਦੱਸਿਆ ਜਾ ਰਿਹਾ ਹੈ ਕਿ ਸੋਨੀ ਪਹਿਲਾਂ ਵੀ ਤਿੰਨ ਵਾਰ ਆਪਣੇ ਪ੍ਰੇਮੀ ਦੇ ਘਰ ਜਾ ਚੁੱਕੀ ਸੀ, ਪਰ ਹਰ ਵਾਰ ਉਸ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਜਾਂਦਾ ਸੀ।
ਥਾਣੇ ‘ਚ ਹੋਇਆ ਫੈਸਲਾ
ਹਾਲ ਹੀ ਵਿੱਚ ਜਦੋਂ ਸੋਨੀ ਦੁਬਾਰਾ ਆਪਣੇ ਪ੍ਰੇਮੀ ਕੋਲ ਪਹੁੰਚੀ ਤਾਂ ਉਸ ਦਾ ਪਤੀ ਅਤੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚ ਗਏ। ਮਾਮਲਾ ਪੁਲਿਸ ਕੋਟਵਾਲੀ ਤੱਕ ਪਹੁੰਚਿਆ, ਜਿੱਥੇ ਕਈ ਘੰਟਿਆਂ ਤੱਕ ਚੱਲੀ ਗੱਲਬਾਤ ਦੇ ਬਾਵਜੂਦ ਸੋਨੀ ਆਪਣੇ ਪ੍ਰੇਮੀ ਨਾਲ ਰਹਿਣ ਦੀ ਜ਼ਿੱਦ ‘ਤੇ ਅੜੀ ਰਹੀ। ਅੰਤ ਵਿੱਚ, ਪਤਨੀ ਦੀ ਜ਼ਿੱਦ ਅੱਗੇ ਹਾਰ ਮੰਨਦਿਆਂ ਪਤੀ ਨੇ ਜਨਤਕ ਤੌਰ ‘ਤੇ ਉਸ ਨੂੰ ਪ੍ਰੇਮੀ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ।
ਮੰਦਰ ‘ਚ ਕਰਵਾਇਆ ਵਿਆਹ
ਦੋਵਾਂ ਵੱਲੋਂ ਪੁਲਸ ਨੂੰ ਲਿਖਤੀ ਬਿਆਨ ਸੌਂਪਣ ਤੋਂ ਬਾਅਦ ਸ਼ਾਮ ਨੂੰ ਕਸਬੇ ਦੇ ਇੱਕ ਮੰਦਰ ਵਿੱਚ ਉਨ੍ਹਾਂ ਦਾ ਵਿਧੀ-ਵਿਧਾਨ ਅਨੁਸਾਰ ਵਿਆਹ ਕਰਵਾ ਦਿੱਤਾ ਗਿਆ। ਪੁਲਸ ਮੁਤਾਬਕ ਦੋਵੇਂ ਬਾਲਗ ਹਨ ਅਤੇ ਆਪਣੀ ਮਰਜ਼ੀ ਨਾਲ ਇਕੱਠੇ ਰਹਿਣਾ ਚਾਹੁੰਦੇ ਹਨ। ਇਸ ਅਨੋਖੇ ਵਿਆਹ ਦੀ ਚਰਚਾ ਪੂਰੇ ਇਲਾਕੇ ਵਿੱਚ ਹੋ ਰਹੀ ਹੈ।

