ਪੁਣੇ : ਪੁਣੇ ਦੇ ਸ਼ਿਵਨੇਰੀ ਕਿਲ੍ਹੇ ‘ਤੇ ਵੀਰਵਾਰ ਸਵੇਰੇ ਵੱਡੀ ਗਿਣਤੀ ਵਿਚ ਇਕੱਠੀ ਹੋਈ ਭੀੜ ਵਿਚਕਾਰ ਧੱਕਾ-ਮੁੱਕੀ ਹੋਣ ਕਾਰਨ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਜ਼ਾਰਾਂ ਲੋਕ ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਮਨਾਉਣ ਲਈ ਸ਼ਿਵਨੇਰੀ ਕਿਲ੍ਹੇ ‘ਤੇ ਇਕੱਠੇ ਹੋਏ ਸਨ। ਇਸ ਦੌਰਾਨ ਭਾਰੀ ਇਕੱਠ ਹੋਣ ਕਾਰਨ ਲੋਕਾਂ ਵਿਚ ਧੱਕਾ-ਮੁੱਕੀ ਦੀ ਘਟਨਾ ਵਾਪਰ ਗਈ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਤੜਕੇ 3:30 ਵਜੇ ਦੇ ਕਰੀਬ ਵਾਪਰੀ, ਜਦੋਂ ਜੁੰਨਾਰ ਤਹਿਸੀਲ ਦੇ ਮੀਨਾ ਦਰਵਾਜ਼ਾ ਨੇੜੇ ਮਸ਼ਾਲਾਂ ਲੈ ਕੇ ਇੱਕ ਸਮੂਹ ਕਿਲ੍ਹੇ ਤੋਂ ਹੇਠਾਂ ਉਤਰ ਰਿਹਾ ਸੀ। ਪੁਣੇ ਪੇਂਡੂ ਪੁਲਸ ਸੁਪਰਡੈਂਟ (ਐਸਪੀ) ਸੰਦੀਪ ਸਿੰਘ ਗਿੱਲ ਨੇ ਕਿਹਾ, “ਭਾਰੀ ਭੀੜ ਦੇ ਵਿਚਕਾਰ ਮਸ਼ਾਲਾਂ ਲੈ ਕੇ ਇੱਕ ਸਮੂਹ ਤੇਜ਼ੀ ਨਾਲ ਕਿਲ੍ਹੇ ਤੋਂ ਹੇਠਾਂ ਆ ਰਿਹਾ ਸੀ। ਉੱਥੇ ਮੌਜੂਦ ਸਾਡੀ ਪੁਲਸ ਟੀਮ ਨੇ ਉਨ੍ਹਾਂ ਨੂੰ ਹੌਲੀ ਹੋਣ ਦੀ ਸਲਾਹ ਦਿੱਤੀ।” ਉਨ੍ਹਾਂ ਕਿਹਾ, “ਇਸ ਦੌਰਾਨ ਉੱਪਰੋਂ ਕਿਸੇ ਨੇ ਇੱਕ ਵਿਅਕਤੀ ਨੂੰ ਧੱਕਾ ਦੇ ਦਿੱਤਾ, ਜਿਸ ਤੋਂ ਬਾਅਦ ਸਮੂਹ ਵਿੱਚ ਚਾਰ-ਪੰਜ ਲੋਕ ਡਿੱਗ ਪਏ। ਤਿੰਨ ਲੋਕਾਂ ਦੇ ਪੈਰਾਂ ਵਿੱਚ ਸੱਟਾਂ ਲੱਗੀਆਂ।”

