Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪੰਜਾਬ ਭਾਜਪਾ ਨੂੰ ਜਲਦ ਮਿਲ ਸਕਦਾ ਨਵਾਂ ਪ੍ਰਧਾਨ, ਕੇਵਲ ਸਿੰਘ ਢਿੱਲੋਂ ਦਾ...

ਪੰਜਾਬ ਭਾਜਪਾ ਨੂੰ ਜਲਦ ਮਿਲ ਸਕਦਾ ਨਵਾਂ ਪ੍ਰਧਾਨ, ਕੇਵਲ ਸਿੰਘ ਢਿੱਲੋਂ ਦਾ ਨਾਮ ਸਭ ਤੋਂ ਅੱਗੇ

ਪੰਜਾਬ ਭਾਜਪਾ ਵਿੱਚ ਜਲਦ ਹੀ ਵੱਡੇ ਸੰਗਠਨਾਤਮਕ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਪਾਰਟੀ ਨੂੰ ਨਵਾਂ ਸੂਬਾ ਪ੍ਰਧਾਨ ਮਿਲਣ ਦੀ ਚਰਚਾ ਤੇਜ਼ ਹੋ ਗਈ ਹੈ ਅਤੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਨਾਮ ਸਭ ਤੋਂ ਮਜ਼ਬੂਤ ਦਾਵੇਦਾਰ ਵਜੋਂ ਸਾਹਮਣੇ ਆ ਰਿਹਾ ਹੈ। ਸੂਤਰਾਂ ਅਨੁਸਾਰ ਇਸ ਸੰਬੰਧੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ, ਜਦਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੂੰ 2027 ਵਿਧਾਨ ਸਭਾ ਚੋਣ ਮੁਹਿੰਮ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

ਜਾਣਕਾਰੀ ਮੁਤਾਬਕ ਭਾਜਪਾ ਪੰਜਾਬ ਵਿੱਚ ਸੰਗਠਨਕ ਸੰਤੁਲਨ ਬਣਾਉਣ ਲਈ ਕਿਸੇ ਸਿੱਖ ਚਿਹਰੇ ਨੂੰ ਅੱਗੇ ਲਿਆਉਣ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਪਾਰਟੀ ਦੇ ਰਾਸ਼ਟਰੀ ਮਹਾਂਸਚਿਵ ਤਰੁਣ ਚੁਘ ਲੰਮੇ ਸਮੇਂ ਤੋਂ ਪੰਜਾਬ ਭਾਜਪਾ ਦੀ ਕਮਾਨ ਕਿਸੇ ਸਿੱਖ ਆਗੂ ਨੂੰ ਦੇਣ ਦੀ ਵਕਾਲਤ ਕਰ ਰਹੇ ਹਨ। ਹੁਣ ਤੱਕ ਪਾਰਟੀ ਦਾ ਆਧਾਰ ਮੁੱਖ ਤੌਰ ‘ਤੇ ਹਿੰਦੂ ਵੋਟ ਬੈਂਕ ‘ਤੇ ਕੇਂਦਰਿਤ ਰਿਹਾ ਹੈ, ਪਰ ਹੁਣ ਭਾਜਪਾ ਸਿੱਖ ਭਾਈਚਾਰੇ ਵਿੱਚ ਵੀ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ।

ਹਾਲਾਂਕਿ ਸੂਬਾ ਪ੍ਰਧਾਨ ਦੀ ਦੌੜ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਮਨਜੀਤ ਰਾਏ ਦੇ ਨਾਮ ਵੀ ਚਰਚਾ ਵਿੱਚ ਹਨ। ਅੰਤਿਮ ਫੈਸਲਾ ਪਾਰਟੀ ਹਾਈਕਮਾਨ ਵੱਲੋਂ ਹੀ ਲਿਆ ਜਾਵੇਗਾ।

ਸੂਤਰਾਂ ਦੇ ਅਨੁਸਾਰ ਆਰਐਸਐਸ ਦੇ ਪੰਜਾਬ ਪ੍ਰਭਾਰੀ ਮੰਤਰੀ ਸ੍ਰੀਨਿਵਾਸਲੂ ਵੀ ਕੇਵਲ ਸਿੰਘ ਢਿੱਲੋਂ ਦੇ ਨਾਮ ਦਾ ਸਮਰਥਨ ਕਰ ਰਹੇ ਹਨ। ਉੱਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਜੋ ਲਗਾਤਾਰ ਪੰਜਾਬ ਵਿੱਚ ਭਾਜਪਾ ਦੇ ਪ੍ਰੋਗਰਾਮਾਂ ਅਤੇ ਰੈਲੀਆਂ ਵਿੱਚ ਸਰਗਰਮ ਨਜ਼ਰ ਆ ਰਹੇ ਹਨ, ਉਹ ਵੀ ਸਿੱਖ ਚਿਹਰੇ ਨੂੰ ਅੱਗੇ ਲਿਆਉਣ ਦੇ ਹੱਕ ਵਿੱਚ ਦੱਸੇ ਜਾ ਰਹੇ ਹਨ।

ਹਾਲ ਹੀ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਸ ਵੇਲੇ ਚਰਚਾ ਵਿੱਚ ਆਏ ਸਨ, ਜਦੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਨਾਲ ਹੀ ਭਾਜਪਾ ਸੰਗਰੂਰ ਅਤੇ ਬਰਨਾਲਾ ਖੇਤਰ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੁਝ ਕਰੀਬੀ ਆਗੂ ਵੀ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ।

ਕੇਵਲ ਸਿੰਘ ਢਿੱਲੋਂ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹਨ। ਉਹ ਬਰਨਾਲਾ ਦੀ ਰਾਜਨੀਤੀ ਦਾ ਇੱਕ ਵੱਡਾ ਚਿਹਰਾ ਮੰਨੇ ਜਾਂਦੇ ਹਨ। ਕਾਂਗਰਸ ਟਿਕਟ ‘ਤੇ ਉਹ 2007 ਅਤੇ 2012 ਵਿੱਚ ਬਰਨਾਲਾ ਤੋਂ ਵਿਧਾਇਕ ਚੁਣੇ ਗਏ ਸਨ। 2012 ਵਿੱਚ ਉਨ੍ਹਾਂ ਨੇ ਵੱਡੀ ਜਿੱਤ ਦਰਜ ਕੀਤੀ ਸੀ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਵੀ ਰਹਿ ਚੁੱਕੇ ਹਨ।

ਹਾਲਾਂਕਿ 2017 ਵਿਧਾਨ ਸਭਾ ਚੋਣ ਅਤੇ 2019 ਸੰਗਰੂਰ ਲੋਕ ਸਭਾ ਚੋਣ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜੂਨ 2022 ਵਿੱਚ ਉਨ੍ਹਾਂ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ। ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਉਮੀਦਵਾਰ ਬਣਾਇਆ ਸੀ। ਫਿਲਹਾਲ ਉਹ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੇ ਸੀਨੀਅਰ ਮੈਂਬਰਾਂ ਵਿੱਚ ਸ਼ਾਮਲ ਹਨ।